ਬਰਫ਼ਬਾਰੀ ਨੇ ਵਧਾਈਆਂ ਮੁਸ਼ਕਲਾਂ, ਕਰੀਬ 250 ਸੜਕਾਂ ਬੰਦ

Tuesday, Mar 04, 2025 - 12:00 PM (IST)

ਬਰਫ਼ਬਾਰੀ ਨੇ ਵਧਾਈਆਂ ਮੁਸ਼ਕਲਾਂ, ਕਰੀਬ 250 ਸੜਕਾਂ ਬੰਦ

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਤੋਂ ਜਾਰੀ ਮੀਂਹ ਅਤੇ ਬਰਫ਼ਬਾਰੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਠੰਡ ਅਤੇ ਮੌਸਮ ਦੀ ਸਥਿਤੀ ਨੂੰ ਹੋਰ ਵੀ ਚੁਣੌਤੀਪੂਰਨ ਬਣਾ ਦਿੱਤਾ। ਉੱਚੇ ਪਹਾੜੀ ਖੇਤਰਾਂ ਜਿਵੇਂ ਕਿ ਨਾਰਕੰਡਾ, ਮਨਾਲੀ ਅਤੇ ਕੁਫਰੀ ਵਿਚ ਭਾਰੀ ਬਰਫ਼ਬਾਰੀ ਹੋਈ, ਜਿਸ ਨਾਲ ਸੈਲਾਨੀਆਂ ਅਤੇ ਸਥਾਨਕ ਵਾਸੀਆਂ ਨੂੰ ਵੀ ਠੰਡ ਦਾ ਸਾਹਮਣਾ ਕਰਨਾ ਪਿਆ। 

ਸ਼ਿਮਲਾ ਦੇ ਰਿਜ ਮੈਦਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋਈ, ਜਦਕਿ ਮਨਾਲੀ ਅਤੇ ਨਾਰਕੰਡਾ 'ਚ 3 ਇੰਚ ਤੱਕ ਬਰਫ਼ਬਾਰੀ ਹੋਈ। ਅਟਲ ਟਨਲ ਰੋਹਤਾਂਗ ਦੇ ਦੋਵੇਂ ਪਾਸੇ ਪੌਣਾ ਫੁੱਟ ਬਰਫ਼ਬਾਰੀ ਦਰਜ ਕੀਤੀ ਗਈ, ਜਿਸ ਨਾਲ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ। ਚੰਬਾ ਜ਼ਿਲ੍ਹੇ ਦੇ ਪਾਂਗੀ ਅਤੇ ਭਰਮੌਰ ਖੇਤਰਾਂ ਵਿਚ ਵੀ ਬਰਫ਼ਬਾਰੀ ਹੋਈ।

ਬਰਫ਼ਬਾਰੀ ਅਤੇ ਮੀਂਹ ਕਾਰਨ ਪ੍ਰਦੇਸ਼ ਵਿਚ ਕਰੀਬ 250 ਸੜਕਾਂ ਬੰਦ ਹੋ ਗਈਆਂ ਹਨ, ਜਿਸ ਨਾਲ ਦੂਰ-ਦੂਰਾਡੇ ਦੇ ਖੇਤਰਾਂ ਵਿਚ ਆਵਾਜਾਈ ਠੱਪ ਹੋ ਗਈ। ਮੌਸਮ ਵਿਭਾਗ ਨੇ 4 ਮਾਰਚ ਲਈ ਵੀ ਬਰਫ਼ਬਾਰੀ ਅਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ ਜਤਾਈ ਹੈ, ਖ਼ਾਸ ਕਰ ਕੇ ਉੱਚੇ ਖੇਤਰਾਂ ਵਿਚ। ਚੰਬਾ, ਕਾਂਗੜਾ ਅਤੇ ਲਾਹੌਲ-ਸਪੀਤੀ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਸਥਾਨਕ ਵਾਸੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਪ੍ਰਦੇਸ਼ ਵਿਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਦੋ ਤੋਂ 6 ਡਿਗਰੀ ਤੱਕ ਘੱਟ ਦਰਜ ਕੀਤਾ ਗਿਆ ਹੈ, ਜਿਸ ਨਾਲ ਠੰਡ ਦਾ ਪ੍ਰਭਾਵ ਹੋਰ ਵੀ ਵੱਧ ਗਿਆ ਹੈ। 


author

Tanu

Content Editor

Related News