ਬੀਅਰ ਦੀਆਂ 83 ਪੇਟੀਆਂ ਨਾਲ ਲੱਦੀ ਜੀਪ ਫੜੀ, ਪੰਜਾਬ ਤੋਂ ਲਿਆਂਦੀ ਗਈ ਸੀ ਖੇਪ
Saturday, May 03, 2025 - 05:36 PM (IST)

ਪੰਡੋਹ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਪੰਡੋਹ ਪੁਲਸ ਚੌਕੀ ਦੀ ਟੀਮ ਨੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਗੈਰ-ਕਾਨੂੰਨੀ ਰੂਪ ਨਾਲ ਲਿਆਂਦੀ ਜਾ ਰਹੀ ਜੀਪ ਨੂੰ ਫੜਿਆ ਹੈ। ਇਸ ਜੀਪ ਜਿਸ ਵਿਚ 83 ਪੇਟੀਆਂ ਦੀਆਂ ਸਨ। ਇਹ ਕਾਰਵਾਈ ਚੌਕੀ ਇੰਚਾਰਜ ਅਨਿਲ ਕਟੋਚ ਦੀ ਅਗਵਾਈ 'ਚ ਕੀਤੀ ਗਈ ਸੀ। ਪੁਲਸ ਨੇ ਇਹ ਜ਼ਬਤੀ ਉਦੋਂ ਕੀਤੀ ਜਦੋਂ ਪੰਡੋਹ ਖੇਤਰ 'ਚ ਨਾਕਾ ਲਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਪੁਲਸ ਵਲੋਂ ਕੈਂਚੀ ਮੋੜ ਨੇੜੇ ਪੁਲਸ ਵਲੋਂ ਇਕ ਨਾਕਾ ਲਾਇਆ ਗਿਆ ਸੀ। ਜਿਵੇਂ ਹੀ ਜੀਪ (HP 65A-1088) ਨਾਕੇ 'ਤੇ ਪਹੁੰਚੀ, ਤਾਂ ਡਰਾਈਵਰ ਨੇ ਪੁਲਸ ਨੂੰ ਦੇਖ ਕੇ ਗੱਡੀ ਮੋੜ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜੀਪ ਡਰਾਈਵਰ ਨੇ ਪੁਲਸ ਨੂੰ ਚਕਮਾ ਦੇਣ ਲਈ ਗੱਡੀ ਨੂੰ ਲਿੰਕ ਰੋਡ 'ਤੇ ਭਜਾ ਲਿਆ, ਪਰ ਪੁਲਸ ਦੀ ਚੌਕਸੀ ਕਾਰਨ ਉਹ ਜ਼ਿਆਦਾ ਦੂਰ ਨਹੀਂ ਜਾ ਸਕਿਆ। ਪੁਲਸ ਟੀਮ ਨੇ ਪਿੱਛਾ ਕਰਕੇ ਜੀਪ ਨੂੰ ਫੜ ਲਿਆ।
ਜਦੋਂ ਜੀਪ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਕੁੱਲ 83 ਪੇਟੀਆਂ ਬੀਅਰ ਦੀਆਂ ਮਿਲੀਆਂ, ਜਿਨ੍ਹਾਂ 'ਤੇ ਪੰਜਾਬ ਸਰਕਾਰ ਦੀ ਮੋਹਰ ਲੱਗੀ ਹੋਈ ਸੀ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਪੰਜਾਬ ਤੋਂ ਹਿਮਾਚਲ ਪ੍ਰਦੇਸ਼ 'ਚ ਗੈਰ-ਕਾਨੂੰਨੀ ਢੰਗ ਨਾਲ ਲਿਆਂਦੀ ਜਾ ਰਹੀ ਸੀ। ਪੁਲਸ ਨੇ ਮੌਕੇ 'ਤੇ ਹੀ ਜੀਪ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਅਭਿਸ਼ੇਕ ਪੁੱਤਰ ਸੁਭਾਸ਼ ਚੰਦ ਵਾਸੀ ਪਿੰਡ ਨੇਰਨ, ਤਹਿਸੀਲ ਕੋਟਲੀ ਵਜੋਂ ਹੋਈ ਹੈ।
ਮਾਮਲੇ ਦੀ ਪੁਸ਼ਟੀ ASP ਮੰਡੀ ਸਾਗਰ ਚੰਦਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਫੜ੍ਹੀ ਗਈ ਬੀਅਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ। ਮੁੱਢਲੀ ਜਾਂਚ ਦੇ ਆਧਾਰ 'ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਗੈਰ-ਕਾਨੂੰਨੀ ਸ਼ਰਾਬ ਤਸਕਰੀ ਪਿੱਛੇ ਕੋਈ ਵੱਡਾ ਗਿਰੋਹ ਸਰਗਰਮ ਹੋ ਸਕਦਾ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।