ਫ਼ੌਜ ਦੇ ਭਗੌੜੇ ਨੇ ਸਹੁਰੇ ਘਰੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ, ਗ੍ਰਿਫ਼ਤਾਰ
Wednesday, Aug 21, 2024 - 04:19 PM (IST)
ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਸਹੁਰੇ ਘਰ 'ਚੋਂ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ 'ਚ ਫੌਜ ਦੇ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਮਰਜੀਤ ਸ਼ਰਮਾ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਦੇ ਕਬਜ਼ੇ ਵਿਚੋਂ ਕੁਝ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਹਮੀਰਪੁਰ ਦੇ ਐੱਸ.ਪੀ. ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਬਰਸਰ ਤਹਿਸੀਲ ਦੇ ਭਗੇੜ ਪਿੰਡ ਦਾ ਰਹਿਣ ਵਾਲਾ ਸ਼ਰਮਾ ਫੌਜ ਦੀ 58ਵੀਂ ਆਰਮਡ ਰੈਜੀਮੈਂਟ ਵਿਚ ਤਾਇਨਾਤ ਸੀ ਅਤੇ ਇਸ ਸਾਲ ਜੁਲਾਈ ਵਿਚ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ।
ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਘਰੋਂ 74,000 ਰੁਪਏ ਦੀ ਨਕਦੀ ਅਤੇ ਚਾਂਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ 'ਤੇ 15 ਅਗਸਤ ਨੂੰ ਥਾਣਾ ਬਡਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਸਾਂਝੀ ਟੀਮ ਬਣਾਈ ਗਈ ਸੀ ਅਤੇ 17 ਅਗਸਤ ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਕੁਝ ਗਹਿਣੇ ਅਤੇ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਬਾਲਾ ਵਿਚ ਗੋਲਡ ਲੋਨ ਡੀਲਰ ਦੀ ਦੁਕਾਨ 'ਤੇ ਛਾਪੇਮਾਰੀ ਦੌਰਾਨ ਬਾਕੀ 19.7 ਗ੍ਰਾਮ ਸੋਨਾ ਅਤੇ ਨਕਦੀ ਬਰਾਮਦ ਕੀਤੀ ਗਈ। ਠਾਕੁਰ ਨੇ ਦੱਸਿਆ ਕਿ ਸ਼ਰਮਾ ਨੇ ਆਪਣੀ ਪਤਨੀ, ਸੱਸ ਅਤੇ ਸਹੁਰੇ ਦੇ ਗਹਿਣੇ ਚੋਰੀ ਕਰ ਲਏ ਸਨ। ਦੋਸ਼ੀ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।