ਏਅਰਪੋਰਟ ''ਤੇ ਹਾਈ ਵੋਲਟੇਜ ਡਰਾਮਾ: ਸਪਾਈਸਜੈੱਟ ਸਟਾਫ਼ ਤੇ ਯਾਤਰੀਆਂ ਵਿਚਾਲੇ ਹੋਇਆ ਜ਼ਬਰਦਸਤ ਹੰਗਾਮਾ
Wednesday, Jun 17, 2026 - 12:12 AM (IST)
ਨੈਸ਼ਨਲ ਡੈਸਕ - ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ 'ਤੇ ਸਪਾਈਸਜੈੱਟ ਦੀ ਫਲਾਈਟ ਦੇ ਦੇਰੀ ਨਾਲ ਚੱਲਣ ਅਤੇ ਬਾਅਦ ਵਿੱਚ ਰੱਦ ਹੋਣ ਕਾਰਨ ਯਾਤਰੀਆਂ ਅਤੇ ਸਟਾਫ਼ ਵਿਚਕਾਰ ਤਿੱਖੀ ਬਹਿਸ ਅਤੇ ਗਾਲੀ-ਗਲੋਚ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ, ਸਪਾਈਸਜੈੱਟ ਦੀ ਫਲਾਈਟ SG 151 ਨੇ 13 ਜੂਨ ਨੂੰ ਦੁਪਹਿਰ 4:10 ਵਜੇ ਦਿੱਲੀ ਲਈ ਰਵਾਨਾ ਹੋਣਾ ਸੀ। ਖ਼ਰਾਬ ਮੌਸਮ ਕਾਰਨ ਇਸ ਉਡਾਣ ਨੂੰ ਵਾਰ-ਵਾਰ ਟਾਲਿਆ ਜਾਂਦਾ ਰਿਹਾ। ਯਾਤਰੀਆਂ ਨੂੰ ਦੱਸਿਆ ਗਿਆ ਕਿ ਫਲਾਈਟ ਰਾਤ 10 ਵਜੇ ਉਡਾਣ ਭਰੇਗੀ, ਪਰ ਅੰਤ ਵਿੱਚ ਇਸ ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ਦਾ ਗੁੱਸਾ ਭੜਕ ਗਿਆ।
ਇਕ ਯਾਤਰੀ ਨੋਮਨ ਸ਼ੇਖ ਅਨੁਸਾਰ, ਯਾਤਰੀਆਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਵਾਈ ਗਈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੋਈ ਸਹੀ ਸਹੂਲਤ ਨਹੀਂ ਦਿੱਤੀ ਗਈ। ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਅੱਧਾ ਪੱਕਿਆ ਹੋਇਆ ਖਾਣਾ ਦਿੱਤਾ ਗਿਆ ਅਤੇ ਰਾਤ ਨੂੰ ਰਹਿਣ ਲਈ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਸਥਿਤੀ ਹੋਰ ਤਣਾਅਪੂਰਨ ਹੋ ਗਈ।
ਸਥਿਤੀ ਇੰਨੀ ਵਿਗੜ ਗਈ ਕਿ ਯਾਤਰੀਆਂ ਅਤੇ ਏਅਰਲਾਈਨ ਸਟਾਫ਼ ਵਿਚਕਾਰ ਗਾਲੀ-ਗਲੋਚ ਸ਼ੁਰੂ ਹੋ ਗਈ। ਵੀਡੀਓ ਵਿੱਚ ਇਕ ਮਹਿਲਾ ਮੁਲਾਜ਼ਮ ਅਤੇ ਯਾਤਰੀਆਂ ਵਿਚਾਲੇ ਤਿੱਖੀ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਸਪਾਈਸਜੈੱਟ ਨੇ ਸਬੰਧਤ ਮਹਿਲਾ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਨੂੰ ਰਿਫ੍ਰੈਸ਼ਰ ਟ੍ਰੇਨਿੰਗ ਲਈ ਭੇਜ ਦਿੱਤਾ ਹੈ।
ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਪਹਿਲਾਂ ਕੋਲਕਾਤਾ ਡਾਇਵਰਟ ਕਰਨਾ ਪਿਆ ਸੀ, ਜਿਸ ਕਾਰਨ ਦੇਰੀ ਹੋਈ ਅਤੇ ਬਾਅਦ ਵਿੱਚ 'ਵਾਚ ਆਵਰ' ਦੀਆਂ ਸੀਮਾਵਾਂ ਕਾਰਨ ਫਲਾਈਟ ਰੱਦ ਕਰਨੀ ਪਈ। ਕੰਪਨੀ ਨੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਜਤਾਇਆ ਹੈ ਅਤੇ ਕਿਹਾ ਕਿ ਯਾਤਰੀਆਂ ਅਤੇ ਅਮਲੇ ਦੀ ਸੁਰੱਖਿਆ ਉਨ੍ਹਾਂ ਦੀ ਮੁੱਖ ਤਰਜੀਹ ਹੈ।
