ਚਿੰਤਾ ਵਾਲੀ ਗੱਲ: ਭਾਰਤ ’ਚ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

Friday, Dec 16, 2022 - 01:32 PM (IST)

ਚਿੰਤਾ ਵਾਲੀ ਗੱਲ: ਭਾਰਤ ’ਚ ਹੈਰੋਇਨ ਦੀ ਬਰਾਮਦਗੀ ਨੂੰ ਲੈ ਕੇ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਦੇਸ਼ ’ਚ ਪਿਛਲੇ 4 ਸਾਲਾਂ ’ਚ ਹੈਰੋਇਨ ਦੀ ਬਰਾਮਦਗੀ ’ਚ ਭਾਰੀ ਵਾਧਾ ਹੋਇਆ ਹੈ। ਦੇਸ਼ ਦੀ ਸਰਵੋਤਮ ਸਮੱਗਲਿੰਗ ਵਿਰੋਧੀ ਏਜੰਸੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਨੁਸਾਰ, 2019 ’ਚ 237 ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਸੀ, ਜਦੋਂ ਕਿ ਸਤੰਬਰ 2022 ਤੱਕ 14,967 ਕਿਲੋਗ੍ਰਾਮ ਹੋ ਗਈ ਹੈ। ਡੀ. ਆਰ. ਆਈ. ਨੇ ਸੁਪਰੀਮ ਕੋਰਟ ’ਚ ਦਾਇਰ ਹਲਫ਼ਨਾਮੇ ’ਚ ਇਹ ਜਾਣਕਾਰੀ ਦਿੱਤੀ ਹੈ। ਡੀ.ਆਰ.ਆਈ. ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ, ਅਫਗਾਨਿਸਤਾਨ ਅਤੇ ਈਰਾਨ ’ਚ ਅੰਤਰਰਾਸ਼ਟਰੀ ਡਰੱਗ ਮਾਫੀਆ ਵਲੋਂ ਪਾਕਿਸਤਾਨੀ ਹੈਂਡਲਰਾਂ ਨਾਲ ਮਿਲ ਕੇ ਸਮੁੰਦਰੀ, ਹਵਾਈ ਅਤੇ ਜ਼ਮੀਨੀ ਮਾਰਗਾਂ ਰਾਹੀਂ ਦੇਸ਼ ’ਚ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਨੂੰ ਦੇਸ਼ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਹਾਲਾਂਕਿ, ਚੌਕਸੀ ਅਤੇ ਵਿਆਪਕ ਖੁਫੀਆ ਨੈੱਟਵਰਕ ਦੇ ਵਿਕਾਸ ਕਾਰਨ ਪਿਛਲੇ ਦੋ ਸਾਲਾਂ ’ਚ ਵੱਡੀਆਂ ਬਰਾਮਦਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਪੁਲਸ ਹਿਰਾਸਤ 'ਚ ਨੌਜਵਾਨ ਦੀ ਮੌਤ, ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ

ਕਿਹੜੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ

ਡੀ. ਆਰ. ਆਈ. ਅਧਿਕਾਰੀਆਂ ਨੇ ਪਿਛਲੇ ਵਿੱਤੀ ਸਾਲ 2021-22 ’ਚ ਰਿਕਾਰਡ ਮਾਤਰਾ ’ਚ ਕੋਕੀਨ, ਮੈਥਮਫੇਟਾਮਾਈਨ ਅਤੇ ਹੈਰੋਇਨ ਵਰਗੇ ਉੱਚ ਮੁੱਲ ਵਾਲੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ। ਅੰਕੜਿਆਂ ਅਨੁਸਾਰ ਵਿੱਤੀ ਸਾਲ ਦੌਰਾਨ ਪਾਰਟੀ ਡਰੱਗ ਕੋਕੀਨ ਦੀ ਬਰਾਮਦਗੀ 36 ਗੁਣਾ ਵੱਧ ਕੇ 310 ਕਿਲੋਗ੍ਰਾਮ ਹੋ ਗਈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਅਧਿਕਾਰੀਆਂ ਨੇ 2020-21 ’ਚ 8.7 ਕਿਲੋਗ੍ਰਾਮ ਅਤੇ 2019-20 ’ਚ 1.1 ਕਿਲੋਗ੍ਰਾਮ ਕੋਕੀਨ ਬਰਾਮਦ ਕੀਤਾ ਸੀ। ਡੀ. ਆਰ. ਆਈ. ਅਧਿਕਾਰੀਆਂ ਨੇ ਸਮੀਖਿਆ ਅਧੀਨ ਸਮੇਂ ਦੌਰਾਨ 884.69 ਕਿਲੋਗ੍ਰਾਮ ਮੈਥਮਫੇਟਾਮਾਈਨ ਜ਼ਬਤ ਕੀਤਾ। ਇਹ 2020-21 ਦੇ 64.39 ਕਿਲੋਗ੍ਰਾਮ ਦਾ 14 ਗੁਣਾ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਪਿਛਲੇ ਵਿੱਤੀ ਸਾਲ ਦੌਰਾਨ 3,410.71 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ। ਇਹ ਮਾਤਰਾ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 17 ਗੁਣਾ ਹੈ। ਇਸ ’ਚੋਂ 2,988 ਕਿਲੋਗ੍ਰਾਮ ਹੈਰੋਇਨ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ। ਦੇਸ਼ ਭਰ ’ਚ ਵਿੱਤੀ ਸਾਲ 2020-21 ਅਤੇ 2019-20 ’ਚ ਕ੍ਰਮਵਾਰ 202 ਕਿਲੋਗ੍ਰਾਮ ਅਤੇ 143 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਹਾਲਾਂਕਿ, ਗਾਂਜੇ ਦੀ ਜ਼ਬਤ 2021-22 ’ਚ ਘੱਟ ਕੇ 26,946 ਕਿਲੋਗ੍ਰਾਮ ਰਹਿ ਗਈ। 2020-21 ’ਚ 45,992 ਕਿਲੋਗ੍ਰਾਮ ਅਤੇ 2019-20 ’ਚ 34,797 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News