ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ; ਹੜ੍ਹ ਕਾਰਨ ਨੁਕਸਾਨੇ ਗਏ ਕਈ ਘਰ, ਵਹਿ ਗਈਆਂ ਗੱਡੀਆਂ
Sunday, Apr 20, 2025 - 01:15 PM (IST)

ਰਾਮਬਨ- ਜੰਮੂ-ਕਸ਼ਮੀਰ ਵਿਚ ਰਾਮਬਨ ਜ਼ਿਲ੍ਹੇ ਦੇ ਇਕ ਪਿੰਡ ਵਿਚ ਐਤਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਅਚਾਨਕ ਹੜ੍ਹ ਆ ਗਿਆ। ਹੜ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਬਚਾਅ ਕਰਮੀਆਂ ਨੇ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਜੰਮੂ-ਕਸ਼ਮੀਰ ਕੌਮੀ ਹਾਈਵੇਅ 'ਤੇ ਨਾਸ਼ਰੀ ਅਤੇ ਬਨਿਹਾਲ ਵਿਚਾਲੇ ਕਰੀਬ ਇਕ ਦਰਜਨ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਮਿੱਟੀ ਧੱਸਣ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਆਵਾਜਾਈ ਰੋਕ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਧਰਮਕੁੰਡ ਪਿੰਡ ਵਿਚ ਅਚਾਨਕ ਹੜ੍ਹ ਕਾਰਨ ਕਰੀਬ 40 ਮਕਾਨ ਨੁਕਸਾਨੇ ਗਏ। ਕਈ ਗੱਡੀਆਂ ਪਾਣੀ ਵਿਚ ਵਹਿ ਗਈਆਂ।
Flash floods triggered by heavy rains hit a village near the Chenab River in Dharamkund #Ramban.
— Akashvani News Jammu (@radionews_jammu) April 20, 2025
10 houses fully damaged, 25–30 partially affected. Around 90–100 people safely rescued by Dharamkund police.@dcramban @DIPRRambandic @BaseerUlHaqIAS @diprjk @airnewsalerts pic.twitter.com/BQF3ltUBbZ
ਅਧਿਕਾਰੀਆਂ ਨੇ ਦੱਸਿਆ ਕਿ ਬੱਦਲ ਫਟਣ ਅਤੇ ਲਗਾਤਾਰ ਮੀਂਹ ਦੇ ਬਾਵਜੂਦ ਪੁਲਸ ਕਰਮੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਸੇ ਹੋਏ 100 ਤੋਂ ਵੱਧ ਪਿੰਡ ਵਾਸੀਆਂ ਨੂੰ ਬਚਾਇਆ। ਉਨ੍ਹਾਂ ਨੇ ਦੱਸਿਆ ਕਿ ਇਕ ਨਦੀ ਦੇ ਉਫਾਨ 'ਤੇ ਹੋਣ ਕਾਰਨ ਕਈ ਵਾਹਨ ਵਹਿ ਗਏ। ਆਵਾਜਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਾਸ਼ਰੀ ਅਤੇ ਬਨਿਹਾਲ ਵਿਚਾਲੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਮਿੱਟੀ ਧੱਸਣ ਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਕਾਰਨ ਜੰਮੂ-ਕਸ਼ਮੀਰ ਕੌਮੀ ਹਾਈਵੇਅ 'ਤੇ ਦੋਹਾਂ ਪਾਸਿਓਂ ਆਵਾਜਾਈ ਰੋਕ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹਾਈਵੇਅ 'ਤੇ ਅਜੇ ਵੀ ਮੀਂਹ ਪੈ ਰਿਹਾ ਹੈ ਅਤੇ ਲੋਕਾਂ ਨੂੰ ਮੌਸਮ ਵਿਚ ਸੁਧਾਰ ਹੋਣ ਅਤੇ ਸੜਕ ਸਾਫ ਹੋਣ ਤੱਕ ਮੁੱਖ ਸੜਕ 'ਤੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।
ਦੱਸ ਦੇਈਏ ਕਿ ਮੋਹਲੇਧਾਰ ਮੀਂਹ ਕਾਰਨ ਪਾਣੀ ਕਈ ਘਰਾਂ ਵਿਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ। ਸਥਿਤੀ ਖਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਬਹੁਤ ਗੰਭੀਰ ਹੈ। ਹਾਲਾਂਕਿ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖਰਾਬ ਮੌਸਮ ਅਤੇ ਤੰਗ ਇਲਾਕੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਵੱਡੀ ਚੁਣੌਤੀਆਂ ਪੇਸ਼ ਕਰ ਰਹੇ ਹਨ।