13, 14, 15, ਜਨਵਰੀ ਨੂੰ ਇਨ੍ਹਾਂ ਸੂਬਿਆਂ ''ਚ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ ਜਾਰੀ
Monday, Jan 12, 2026 - 06:11 PM (IST)
ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 13, 14 ਅਤੇ 15 ਜਨਵਰੀ, 2026 ਲਈ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦਾ ‘ਆਰੇਂਜ ਅਲਰਟ’ ਜਾਰੀ ਕੀਤਾ ਹੈ। ਇਕ ਪਾਸੇ ਜਿੱਥੇ ਉੱਤਰ ਭਾਰਤ ਕੜਾਕੇ ਦੀ ਠੰਡ ਅਤੇ ਬਰਫ ਦੀ ਸਫੇਦ ਚਾਦਰ 'ਚ ਲਿਪਟਿਆ ਹੈ ਉਥੇ ਹੀ ਦੱਖਣੀ ਭਾਰਤ ਦੇ ਸੂਬਿਆਂ 'ਚ ਬੇਮੌਸਮੀ ਬਾਰਿਸ਼ ਨੇ ਚਿੰਤਾ ਵਧਾ ਦਿੱਤੀ ਹੈ।
ਉੱਤਰ ਭਾਰਤ: ਪਹਾੜਾਂ 'ਚ ਬਰਫ਼ਬਾਰੀ, ਮੈਦਾਨਾਂ 'ਚ ਕੜਾਕੇ ਦੀ ਠੰਡ
ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ 13 ਤੋਂ 15 ਜਨਵਰੀ ਦਰਮਿਆਨ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਬਰਫ਼ਬਾਰੀ ਕਾਰਨ ਪਹਾੜੀ ਰਸਤੇ ਬੰਦ ਹੋ ਸਕਦੇ ਹਨ ਅਤੇ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਪਹਾੜਾਂ 'ਤੇ ਹੋਣ ਵਾਲੀ ਇਸ ਬਰਫ਼ਬਾਰੀ ਦਾ ਸਿੱਧਾ ਅਸਰ ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਦੇਖਣ ਨੂੰ ਮਿਲੇਗਾ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਹੋਰ ਵਧ ਜਾਵੇਗੀ।
ਦੱਖਣ ਭਾਰਤ: ਕੇਰਲ ਅਤੇ ਆਂਧਰਾ ਪ੍ਰਦੇਸ਼ 'ਚ ਮੋਹਲੇਧਾਰ ਮੀਂਹ
ਆਮ ਤੌਰ 'ਤੇ ਜਨਵਰੀ ਵਿੱਚ ਖੁਸ਼ਕ ਰਹਿਣ ਵਾਲੇ ਦੱਖਣੀ ਭਾਰਤ ਦੇ ਸੂਬਿਆਂ ਵਿੱਚ ਇਸ ਵਾਰ ਬੇਮੌਸਮੀ ਬਾਰਿਸ਼ ਨੇ ਚਿੰਤਾ ਵਧਾ ਦਿੱਤੀ ਹੈ। ਕੇਰਲ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਬਾਰਿਸ਼, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੱਤੀ ਗਈ ਹੈ। ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਤਟੀ ਇਲਾਕਿਆਂ ਵਿੱਚ ਉੱਚੀਆਂ ਲਹਿਰਾਂ ਉੱਠਣ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ ਅਤੇ ਪੁਡੂਚੇਰੀ ਵਿੱਚ ਵੀ ਅਗਲੇ 72 ਘੰਟਿਆਂ ਦੌਰਾਨ ਭਾਰੀ ਬਾਰਿਸ਼ ਅਤੇ ਆਂਧੀ-ਤੂਫ਼ਾਨ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਦੀ ਅਪਡੇਟ (ਤਰੀਕ ਅਨੁਸਾਰ):
• 13 ਜਨਵਰੀ: ਕੇਰਲ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸ਼ੁਰੂਆਤ।
• 14 ਜਨਵਰੀ: ਹਿਮਾਚਲ, ਲੱਦਾਖ ਵਿੱਚ ਭਾਰੀ ਬਰਫ਼ਬਾਰੀ ਅਤੇ ਤਟੀ ਆਂਧਰਾ ਪ੍ਰਦੇਸ਼ ਵਿੱਚ ਤੂਫ਼ਾਨੀ ਹਵਾਵਾਂ।
• 15 ਜਨਵਰੀ: ਪੁਡੂਚੇਰੀ, ਕਰਨਾਟਕ ਅਤੇ ਉੱਤਰਾਖੰਡ ਵਿੱਚ ਮੂਸਲਾਧਾਰ ਬਾਰਿਸ਼ ਦੇ ਨਾਲ ਸੀਤ ਲਹਿਰ ਦਾ ਕਹਿਰ।
ਮੌਸਮ ਵਿਭਾਗ ਮੁਤਾਬਕ ਲਕਸ਼ਦੀਪ, ਅੰਡਮਾਨ-ਨਿਕੋਬਾਰ ਅਤੇ ਮੱਧ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਵੀ ਮੌਸਮ ਦਾ ਮਿਜਾਜ਼ ਵਿਗੜਿਆ ਰਹੇਗਾ।
