ਮੁੰਬਈ ’ਚ ਮੋਹਲੇਧਾਰ ਮੀਂਹ ਦਾ ਅਲਰਟ, ਦਿੱਲੀ ਸਮੇਤ ਇਨ੍ਹਾਂ ਸੂਬਿਆਂ ’ਚ ਪਵੇਗਾ ਮੀਂਹ

07/06/2022 11:27:26 AM

ਨੈਸ਼ਨਲ ਡੈਸਕ– ਭਾਰਤੀ ਮੌਸਮ ਵਿਭਾਗ (IMD) ਨੇ ਮੁੰਬਈ ਸਮੇਤ ਪੱਛਮੀ ਤੱਟੀ ਖੇਤਰਾਂ ਦੇ ਕਈ ਇਲਾਕਿਆਂ ’ਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ’ਚ ਦੱਸਿਆ ਕਿ ਮੁੰਬਈ ਅਤੇ ਠਾਣੇ ’ਚ ਸ਼ੁੱਕਰਵਾਰ ਤੱਕ ਮੋਹਲੇਧਾਰ ਮੀਂਹ ਪੈ ਸਕਦਾ ਹੈ। ਦੱਸ ਦੇਈਏ ਕਿ ਮੁੰਬਈ 'ਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ 'ਚ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਦੌਰਾਨ ਸ਼ਹਿਰ ਅਤੇ ਇਸ ਦੇ ਉਪਨਗਰਾਂ ਵਿਚ ਮੱਧਮ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਵੱਖ-ਵੱਖ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਕਹਿਣਾ ਹੈ ਕਿ 3,500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ। ਸ਼ਿੰਦੇ ਨੇ ਮੰਗਲਵਾਰ ਨੂੰ ਮੀਂਹ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸੂਬੇ ਭਰ ’ਚ 3,500 ਤੋਂ ਵੱਧ ਲੋਕਾਂ ਨੂੰ ਹੜ੍ਹ ਸੰਭਾਵਿਤ ਅਤੇ ਕਮਜ਼ੋਰ ਥਾਵਾਂ ਤੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਉਹ ਮਹਾਂਨਗਰ ਵਿਚ ਬ੍ਰਿਹਨਮੁੰਬਈ ਨਗਰ ਨਿਗਮ ਦੇ ਡਿਜ਼ਾਸਟਰ ਕੰਟਰੋਲ ਰੂਮ ਦੇ ਦੌਰੇ ਦੌਰਾਨ ਮੀਂਹ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਦਿੱਲੀ ’ਚ ਆਰੇਂਜ ਅਲਰਟ-

ਉਥੇ ਹੀ ਮੌਸਮ ਵਿਭਾਗ ਨੇ ਦਿੱਲੀ ’ਚ ਵੀ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। IMD ਨੇ ਪਹਿਲਾਂ ਬੁੱਧਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ ਅਤੇ ਮੱਧ ਤੋਂ ਭਾਰੀ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦਾ ਅਨੁਮਾਨ ਜਤਾਇਆ ਸੀ। ਦੱਸ ਦੇਈਏ ਕਿ ਦਿੱਲੀ ’ਚ ਮਾਨਸੂਨ ਦਾ ਪਹਿਲਾ ਮੀਂਹ 30 ਜੂਨ ਸਵੇਰੇ ਪਿਆ ਸੀ, ਜਿਸ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਸੀ।

ਇਨ੍ਹਾਂ ਸੂਬਿਆਂ ’ਚ ਵੀ ਮੀਂਹ ਪੈਣ ਦੀ ਸੰਭਾਵਨਾ

ਜੰਮੂ ’ਚ ਬੁੱਧਵਾਰ ਨੂੰ ਮੀਂਹ ਪੈਣ ਦੇ ਆਸਾਰ ਹਨ। ਉਥੇ ਹੀ ਉੱਤਰ ਪ੍ਰਦੇਸ਼ ਦੇ ਲਖਨਊ ’ਚ ਬੱਦਲ ਛਾਏ ਰਹਿਣਗੇ। ਮੱਧ ਪ੍ਰਦੇਸ਼ ’ਚ ਵੀ ਮੀਂਹ ਦੇ ਆਸਾਰ ਨੂੰ ਵੇਖਦੇ ਹੋਏ ਆਰੇਂਜ ਅਤੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੇਸ਼ ਦੇ ਪੱਛਮੀ ਖੇਤਰਾਂ ’ਚ 5 ਤੋਂ 8 ਜੁਲਾਈ ਤੱਕ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ ’ਚ 7-8 ਜੁਲਾਈ ਅਤੇ ਓਡੀਸ਼ਾ ’ਚ 9 ਜੁਲਾਈ ਦਰਮਿਆਨ ਮੀਂਹ ਪੈਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਹਿਮਾਚਲ ਅਤੇ ਉੱਤਰਾਖੰਡ ’ਚ ਵੀ ਮੋਹਲੇਧਾਰ ਮੀਂਹ ਪਵੇਗਾ। ਅਗਲੇ 5 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ’ਚ ਮੀਂਹ ਪੈ ਸਕਦਾ ਹੈ। 


Tanu

Content Editor

Related News