ਫੇਕ ਨਿਊਜ਼ ਤੋਂ ਪਰੇਸ਼ਾਨ ਹੈ ਕਾਂਗਰਸ

Tuesday, Sep 17, 2024 - 03:32 PM (IST)

ਹਰਿਆਣਾ (ਵਾਰਤਾ)- ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਫੇਕ ਨਿਊਜ਼ ਤੋਂ ਪਰੇਸ਼ਾਨ ਹੈ ਅਤੇ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਉਸ ਦੀਆਂ ਸ਼ਿਕਾਇਤਾਂ 'ਤੇ ਚੋਣ ਕਮਿਸ਼ਨ ਕਾਰਵਾਈ ਨਹੀਂ ਕਰ ਰਿਹਾ ਅਤੇ ਪਾਰਟੀ ਖ਼ਿਲਾਫ਼ ਫੇਕ ਨਿਊਜ਼ 'ਤੇ ਆਧਾਰਤ ਭਾਜਪਾ ਦੀ ਸ਼ਿਕਾਇਤ 'ਤੇ ਨੋਟਿਸ ਭੇਜ ਰਿਹਾ ਹੈ। ਪਾਰਟੀ ਨੇ ਮੰਗਲਵਾਰ ਨੂੰ ਮੁੱਖ ਚੋਣ ਅਧਿਕਾਰੀ ਨੂੰ ਇਸ ਸੰਦਰਭ 'ਚ ਚਿੱਠੀ ਲਿਖੀ ਹੈ। ਚਿੱਠੀ ਅਨੁਸਾਰ ਪਲਵਲ ਜ਼ਿਲ੍ਹੇ ਦੀ ਹਥੀਨ ਵਿਧਾਨ ਸਭਾ ਸੀਟ ਦੇ ਉਮੀਦਵਾਰ ਮੁਹੰਮਦ ਇਸਮਾਈਲ ਨੇ 13 ਸਤੰਬਰ ਨੂੰ ਉੱਤਵਰ ਪੁਲਸ ਥਾਣੇ 'ਚ ਸ਼ਿਕਾਇਤ ਦਿੱਤੀ ਸੀ ਕਿ ਫੇਸਬੁੱਕ 'ਤੇ ਭਗਤ ਸਿੰਘ ਰਾਵਤ, ਸੁਮਿਤ, ਗੋਪਾਲ ਆਦਿ ਫੇਕ ਨਿਊਜ਼ ਫੈਲਾ ਰਹੇ ਹਨ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਉਨ੍ਹਾਂ ਦੀ ਰੈਲੀ 'ਚ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲੱਗੇ ਸਨ। ਸ਼੍ਰੀ ਇਸਮਾਈਲ ਨੇ ਆਪਣੀ ਸ਼ਿਕਾਇਤ ਨਾਲ ਰੈਲੀ ਦੀ ਰਿਕਾਰਡਿੰਗ ਵੀ ਪੇਸ਼ ਕੀਤੀ ਸੀ।

15 ਸਤੰਬਰ ਨੂੰ ਹਾਲਾਂਕਿ ਚੋਣ ਅਧਿਕਾਰੀ ਨੇ ਸ਼੍ਰੀ ਇਸਮਾਈਲ ਨੂੰ ਹੀ ਨੋਟਿਸ ਭੇਜ ਦਿੱਤਾ ਜੋ ਭਾਜਪਾ ਸਕੱਤਰ ਗੁਲਸ਼ਨ ਭਾਟੀਆ ਦੀ ਸ਼ਿਕਾਇਤ ਦੇ ਸੰਦਰਭ 'ਚ ਸੀ। ਸ਼੍ਰੀ ਇਸਮਾਈਲ ਨੇ ਇਸ ਨੋਟਿਸ ਦਾ ਵੀ ਜਵਾਬ ਦੇ ਦਿੱਤਾ ਪਰ ਅੱਜ ਤੱਕ ਚੋਣ ਅਧਿਕਾਰੀ ਵਲੋਂ ਨਾ ਪੁਲਸ ਵਲੋਂ ਸ਼੍ਰੀ ਇਸਮਾਈਲ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਕੀਤੀ ਗਈ। ਚਿੱਠੀ 'ਚ ਪਾਰਟੀ ਵਲੋਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਰਾਖਵਾਂਕਰਨ ਦੇ ਮੁੱਦੇ 'ਤੇ ਫੇਕ ਨਿਊਜ਼ ਦੇ ਸੰਦਰਭ 'ਚ 12 ਸਤੰਬਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ 'ਚ ਕੋਈ ਕਾਰਵਾਈ ਨਹੀਂ ਹੋਈ। ਪਾਰਟੀ ਨੇ ਮੁੱਖ ਚੋਣ ਅਧਿਕਾਰੀ ਨੂੰ ਪੁਲਸ ਨੂੰ ਨਿਰਦੇਸ਼ ਦੇ ਕੇ ਫੇਕ ਨਿਊਜ਼ ਫੈਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਚੋਣਾਂ 'ਚ ਕੁਝ ਦਿਨ ਹੀ ਰਹਿ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News