PM ਮੋਦੀ ਦਾ ਸੁਪਨਾ ਹੋਵੇਗਾ ਪੂਰਾ, ਸ਼ਹਿਰਾਂ ਦੀ ਬਦਲੀ ਜਾਵੇਗੀ ਨੁਹਾਰ : ਪੁਰੀ

09/18/2019 4:09:56 PM

ਨਵੀਂ ਦਿੱਲੀ (ਭਾਸ਼ਾ)— ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਵੇਂ ਭਾਰਤ' ਦੇ ਸੁਪਨੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਜ਼ਰੂਰਤਾਂ ਨੂੰ ਪੂਰਾ ਕਰਨ ਲਈ 2030 ਤਕ ਦੇਸ਼ ਦੇ 70 ਫੀਸਦੀ ਸ਼ਹਿਰੀ ਖੇਤਰ 'ਚ ਮੁੜ ਨਿਰਮਾਣ ਕੀਤਾ ਜਾਵੇਗਾ। ਪੁਰੀ ਨੇ 'ਜਨਤਕ ਖੇਤਰ ਦੇ ਭਵਨ ਨਿਰਮਾਣ 'ਚ ਉਭਰਦੀ ਤਕਨੀਕ' ਵਿਸ਼ੇ 'ਤੇ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ. ਪੀ. ਡਬਲਿਊ. ਡੀ.) ਵਲੋਂ ਆਯੋਜਿਤ ਸੈਮੀਨਾਰ 'ਚ ਕਿਹਾ ਕਿ ਭਵਿੱਖ ਦੀ ਆਵਾਸ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਮੌਜੂਦਾ ਵਿਵਸਥਾ ਨਾ-ਕਾਫੀ ਹੈ। ਉਨ੍ਹਾਂ ਨੇ ਕਿਹਾ ਕਿ 2030 ਤਕ ਦੇਸ਼ ਦੀ 60 ਫੀਸਦੀ ਆਬਾਦੀ ਸ਼ਹਿਰੀ ਖੇਤਰ 'ਚ ਟਰਾਂਸਫਰ ਹੋਣ ਦੇ ਅਨੁਮਾਨ ਨੂੰ ਦੇਖਦੇ ਹੋਏ 70 ਫੀਸਦੀ ਸ਼ਹਿਰੀ ਖੇਤਰ ਦਾ ਮੁੜ ਨਿਰਮਾਣ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਮੰਤਰਾਲੇ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਲਈ ਭਵਨ ਨਿਰਮਾਣ ਖੇਤਰ 'ਚ ਨਵੀਂਆਂ ਤਕਨੀਕਾਂ ਦੀ ਮਦਦ ਨਾਲ ਮੌਜੂਦਾ ਇਮਾਰਤਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਬਣਾਇਆ ਜਾਵੇਗਾ।

PunjabKesari

ਪੁਰੀ ਨੇ ਸੰਸਦ ਭਵਨ ਦੀ ਮੁੜ ਨਿਰਮਾਣ ਯੋਜਨਾ ਦਾ ਜ਼ਿਕਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਕੁਝ ਲੋਕਾਂ 'ਚ ਮੌਜੂਦਾ ਸੰਸਦ ਭਵਨ ਨੂੰ ਤੋੜ ਕੇ ਨਵੀਂ ਇਮਾਰਤ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ, ਇਹ ਗਲਤ ਹੈ। ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਇਤਿਹਾਸਕ ਇਮਾਰਤ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਪਾ ਰਹੀ ਹੈ, ਇਸ ਲਈ ਬਦਲਦੀਆਂ ਜ਼ਰੂਰਤਾਂ ਮੁਤਾਬਕ ਇਸ ਦੇ ਮੁੜ ਨਿਰਮਾਣ ਦੀ ਯੋਜਨਾ ਬਣਾਈ ਗਈ ਹੈ। ਸੈਮੀਨਾਰ 'ਚ ਮੌਜੂਦ ਆਵਾਸ ਅਤੇ ਸ਼ਹਿਰ ਮਾਮਲਿਆਂ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਸੰਸਦ ਭਵਨ, ਕੇਂਦਰੀ ਸਕੱਤਰੇਤ ਅਤੇ ਸੈਂਟਰਲ ਵਿਸਟਾ ਦੇ ਮੁੜ ਨਿਰਮਾਣ ਦੀ ਯੋਜਨਾ ਨੂੰ ਪੂਰਾ ਕਰਨ ਲਈ ਸਕਾਰਾਤਮਕ ਸੋਚ ਵਾਲੇ ਇੰਜੀਨੀਅਰਿੰਗ ਅਤੇ ਅਧਿਕਾਰੀਆਂ ਦੀ ਟੀਮ ਬਣਾਈ ਜਾ ਰਹੀ ਹੈ।


Tanu

Content Editor

Related News