ਗੁਹਾਟੀ ਹੋਟਲ ਫਾਇਰਿੰਗ ਦੇ ਮਾਮਲੇ ''ਚ SIT ਦਾ ਗਠਨ ! 5 ਲੋਕਾਂ ਦੀ ਗਈ ਸੀ ਜਾਨ
Tuesday, Oct 27, 2026 - 05:37 PM (IST)
ਨੈਸ਼ਨਲ ਡੈਸਕ- ਅਸਾਮ ਦੇ ਗੁਹਾਟੀ 'ਚ ਇੱਕ ਹੋਟਲ ਅੰਦਰ ਹੋਈ ਗੋਲੀਬਾਰੀ 'ਚ 5 ਵਿਅਕਤੀਆਂ ਦੀ ਮੌਤ ਅਤੇ ਇੱਕ ਦੇ ਜ਼ਖ਼ਮੀ ਹੋਣ ਤੋਂ ਬਾਅਦ ਅਸਾਮ ਪੁਲਸ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਹੈ। ਸਰਕਾਰੀ ਬਿਆਨ ਅਨੁਸਾਰ, ਇਸ SIT ਦੀ ਅਗਵਾਈ ਜੁਆਇੰਟ ਪੁਲਸ ਕਮਿਸ਼ਨਰ ਅੰਕੁਰ ਜੈਨ ਕਰਨਗੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੂੰਘੀ, ਵਿਗਿਆਨਕ ਅਤੇ ਤੁਰੰਤ ਜਾਂਚ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਗੁਵਾਹਾਟੀ ਦੇ ਬੋਰਾ ਸਰਵਿਸ ਇਲਾਕੇ ਵਿੱਚ ਸਥਿਤ 'ਹੋਟਲ ਬਿਲਾਸ ਇਨ' 'ਚ ਜਾਇਦਾਦ ਦੇ ਮਾਲਕਾਂ ਅਤੇ ਲੀਜ਼ ਹੋਲਡਰ ਵਿਚਕਾਰ ਤਕਰਾਰ ਹੋ ਗਈ। ਇਸ ਦੌਰਾਨ ਹੋਈ ਗੋਲੀਬਾਰੀ 'ਚ ਇੱਕੋ ਪਰਿਵਾਰ ਦੇ 4 ਜੀਆਂ ਸਮੇਤ ਕੁੱਲ 5 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਸ ਨੇ ਵਾਰਦਾਤ ਤੋਂ ਤੁਰੰਤ ਬਾਅਦ ਲੀਜ਼ ਹੋਲਡਰ ਘਨਕਾਂਤ ਗੋਗੋਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ 'ਚੋਂ ਵਾਰਦਾਤ ਵਿੱਚ ਵਰਤੀ ਗਈ ਲਾਇਸੰਸੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ।
