ਵਿਦੇਸ਼ੀਆਂ ਨੂੰ ਠੱਗਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 9 ਗ੍ਰਿਫ਼ਤਾਰ
Wednesday, Sep 28, 2022 - 04:28 PM (IST)
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਪੁਲਸ ਨੇ ਅਮਰੀਕੀ ਨਾਗਰਿਕਾਂ ਨੂੰ ਧੋਖਾ ਦੇਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਕਾਲ ਸੈਂਟਰ ਕਥਿਤ ਤੌਰ 'ਤੇ ਸੰਘੀ ਗ੍ਰਾਂਟ ਪ੍ਰਦਾਨ ਕਰਨ ਦੇ ਬਹਾਨੇ ਕ੍ਰਿਪਟੋਕਰੰਸੀ ਦੀ ਵਰਤੋਂ ਕਰਕੇ ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰ ਰਿਹਾ ਸੀ। ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਦੇ ਉਡਣ ਦਸਤੇ ਅਤੇ ਗੁਰੂਗ੍ਰਾਮ ਪੁਲਸ ਦੀ ਸਾਂਝੀ ਟੀਮ ਨੇ ਮੰਗਲਵਾਰ ਰਾਤ ਨੂੰ ਛਾਪੇਮਾਰੀ ਕੀਤੀ ਅਤੇ ਇਸ ਸਬੰਧ 'ਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ ’ਚ ਦਿੱਲੀ ਦੇ ਸਤੇਂਦਰ ਉਰਫ ਸੈਮ ਅਤੇ ਅੰਕਿਸ ਸਚਦੇਵਾ, ਉੱਤਰ ਪ੍ਰਦੇਸ਼ ਦੇ ਅਭਿਸਾਵਨ ਸਬਰਵਾਲ, ਏਕਲਵਿਆ ਅਤੇ ਵਿਸ਼ਾਲ ਵਿਸ਼ਵਕਰਮਾ ਤੋਂ ਇਲਾਵਾ ਮਣੀਪੁਰ ਦੇ ਥੋਮਸਾਂਗ, ਚੋਖੌਨੀ ਅਤੇ ਮਗੋਈ ਗੰਗਲੂਈ ਨੂੰ ਫਰਜ਼ੀ ਕਾਲ ਸੈਂਟਰ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ ਡੇਢ ਲੱਖ ਰੁਪਏ ਦੀ ਨਕਦੀ, 4 ਲੈਪਟਾਪ ਅਤੇ 3 CPU ਬਰਾਮਦ ਕੀਤੇ ਹਨ। ਪੁਲਸ ਨੇ ਕਿਹਾ ਕਿ ਫਰਜ਼ੀ ਕਾਲ ਸੈਂਟਰ 9,000 ਤੋਂ 34,000 ਅਮਰੀਕੀ ਡਾਲਰ ਤੱਕ ਦੀਆਂ ਗ੍ਰਾਂਟਾਂ ਦੇਣ ਦੇ ਬਹਾਨੇ ਅਮਰੀਕੀ ਨਾਗਰਿਕਾਂ ਨੂੰ ਧੋਖਾ ਦੇ ਰਿਹਾ ਸੀ ਅਤੇ ਗੂਗਲ ਗਿਫਟ ਕਾਰਡਾਂ ਵਿਚ 200 ਤੋਂ 1600 ਅਮਰੀਕੀ ਡਾਲਰ ਦੀ ਠੱਗੀ ਕਰ ਰਿਹਾ ਸੀ।
ਪੁਲਸ ਦੇ ਡਿਪਟੀ ਸੁਪਰਡੈਂਟ (DSP) ਇੰਦਰਜੀਤ ਯਾਦਵ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਗੁਰੂਗ੍ਰਾਮ ਦੇ ਸੈਕਟਰ-48 ਵਿਚ ਸੋਹਨਾ ਰੋਡ ਸਥਿਤ ਜੇ. ਐਮ. ਡੀ ਮੈਗਾਪੋਲਿਸ ਦੀ 7ਵੀਂ ਮੰਜ਼ਿਲ 'ਤੇ ਇਕ ਦਫ਼ਤਰ ’ਚ ਛਾਪਾ ਮਾਰ ਕੇ ਇਸ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਇਸ ਸਬੰਧ ’ਚ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿਚ ਧੋਖਾਧੜੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ FIR ਦਰਜ ਕੀਤੀ ਹੈ।