ਗੁਜਰਾਤ ''ਚ ਮੀਂਹ ਦਾ ਕਹਿਰ! 7 ਲੋਕਾਂ ਦੀ ਮੌਤ, ਉਫਾਨ ''ਤੇ ਨਦੀਆਂ

Tuesday, Aug 27, 2024 - 08:04 PM (IST)

ਨੈਸ਼ਨਲ ਡੈਸਕ : ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਭਾਰੀ ਮੀਂਹ ਕਾਰਨ ਰਾਜਕੋਟ, ਵਡੋਦਰਾ ਅਤੇ ਅਹਿਮਦਾਬਾਦ ਸਮੇਤ ਕਈ ਸ਼ਹਿਰ ਪਾਣੀ ਵਿਚ ਡੁੱਬ ਗਏ ਹਨ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ।

ਗਾਂਧੀਨਗਰ ਦਾ ਡੈਮ ਕੰਢੇ ਤਕ ਭਰ ਗਿਆ ਹੈ। ਕਈ ਨਦੀਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਸੁਰੇਂਦਰਨਗਰ ਜ਼ਿਲ੍ਹੇ ਦੇ ਚੋਟੀਲਾ ਤਾਲੁਕਾ ਵਿੱਚ ਸਰਗਮ ਨੇੜੇ ਇੱਕ ਪੁਲ ਭਾਰੀ ਮੀਂਹ ਅਤੇ ਹੜ੍ਹ ਕਾਰਨ ਢਹਿ ਗਿਆ ਹੈ।

ਗੁਜਰਾਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੰਗਲਵਾਰ (27 ਅਗਸਤ) ਨੂੰ ਲਗਾਤਾਰ ਤੀਜੇ ਦਿਨ ਵੀ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਦੇ ਦੌਰਾਨ ਡੈਮਾਂ ਅਤੇ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ 6,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਪੀਟੀਆਈ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ (26 ਅਗਸਤ) ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸੱਤ ਲੋਕਾਂ ਦੀ ਜਾਨ ਚਲੀ ਗਈ। ਗਾਂਧੀਨਗਰ, ਖੇੜਾ ਅਤੇ ਵਡੋਦਰਾ ਜ਼ਿਲਿਆਂ 'ਚ ਕੰਧ ਡਿੱਗਣ ਦੀਆਂ ਘਟਨਾਵਾਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਆਨੰਦ ਜ਼ਿਲ੍ਹੇ 'ਚ ਦਰੱਖਤ 'ਤੇ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਡੁੱਬ ਗਏ।

ਪੰਚਮਹਾਲ, ਨਵਸਾਰੀ, ਵਲਸਾਡ, ਵਡੋਦਰਾ, ਭਰੂਚ, ਖੇੜਾ, ਗਾਂਧੀਨਗਰ, ਬੋਟਾਡ ਅਤੇ ਅਰਾਵਲੀ ਜ਼ਿਲ੍ਹਿਆਂ 'ਚ ਪ੍ਰਸ਼ਾਸਨ ਨੇ ਨਦੀਆਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੇਠਲੇ ਇਲਾਕਿਆਂ ਵਿੱਚ ਹੜ੍ਹਾਂ ਦੇ ਵਿਚਕਾਰ ਇਹਤਿਆਤ ਵਜੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਪੰਚਮਹਾਲ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਭਗ 2,000 ਲੋਕਾਂ ਨੂੰ ਸ਼ਿਫਟ ਕੀਤਾ, ਜਦੋਂ ਕਿ ਵਡੋਦਰਾ ਵਿੱਚ 1,000, ਨਵਸਾਰੀ ਵਿੱਚ 1,200 ਅਤੇ ਵਲਸਾਡ ਵਿੱਚ 800 ਨੂੰ ਹੋਰ ਖੇਤਰਾਂ ਵਿੱਚ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐੱਸਈਓਸੀ) ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜ ਵਿੱਚ ਹੁਣ ਤੱਕ ਔਸਤ ਸਾਲਾਨਾ ਵਰਖਾ ਦਾ ਲਗਭਗ 100 ਫੀਸਦੀ ਮੀਂਹ ਪਿਆ ਹੈ, ਜਿਸ ਵਿਚ ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਵਿੱਚ ਇਸ ਸੀਜ਼ਨ ਵਿੱਚ ਔਸਤ ਸਾਲਾਨਾ ਬਾਰਸ਼ ਦਾ 100 ਫੀਸਦੀ ਤੋਂ ਵਧੇਰੇ ਹਿੱਸਾ ਹੈ।

ਭਾਰਤੀ ਮੌਸਮ ਵਿਭਾਗ (IMD) ਨੇ ਮੰਗਲਵਾਰ ਨੂੰ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਸੌਰਾਸ਼ਟਰ-ਕੱਛ ਖੇਤਰ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵੀਰਵਾਰ ਤੱਕ ਪੂਰੇ ਸੂਬੇ 'ਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।


Baljit Singh

Content Editor

Related News