PM ਮੋਦੀ ਦੀ ਤਾਰੀਫ ਨੂੰ ਲੈ ਕੇ ਰਾਜਸਥਾਨ ’ਚ ਸਿਆਸਤ ਗਰਮਾਈ, ਪਾਇਲਟ-ਗਹਿਲੋਤ ਆਹਮੋ-ਸਾਹਮਣੇ
Thursday, Nov 03, 2022 - 11:28 AM (IST)
ਜੈਪੁਰ/ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਰਾਜਸਥਾਨ ’ਚ ਫਿਰ ਸਿਆਸੀ ਹਲਚਲ ਤੇਜ਼ ਹੁੰਦੀ ਦਿਸਣ ਲੱਗੀ ਹੈ। ਬੁੱਧਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਤਾਰੀਫ ਕੀਤੇ ਜਾਣ ’ਤੇ ਤੰਜ ਕੱਸਦੇ ਹੋਏ ਬੁੱਧਵਾਰ ਨੂੰ ਇਸ ਨੂੰ ‘ਰੋਚਕ ਘਟਨਾਕ੍ਰਾਮ’ ਦੱਸਿਆ ਅਤੇ ਪਾਰਟੀ ਹਾਈਕਮਾਂਡ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਇਸ ਨੂੰ ਹਲਕੇ ’ਚ ਨਾ ਲਉ। ਉਨ੍ਹਾਂ ਇਸ਼ਾਰਿਆਂ ’ਚ ਪਾਰਟੀ ਲੀਡਰਸ਼ਿਪ ਨੂੰ ਸੂਬੇ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਦੁਬਿਧਾ ਵਾਲੀ ਸਥਿਤੀ ਨੂੰ ਖਤਮ ਕਰਨ ਲਈ ਕਿਹਾ।
ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਰੁਕਿਆ ਰਾਜਸਥਾਨ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁੜ ਉੱਭਰਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਬਾਂਸਵਾੜਾ ਜ਼ਿਲੇ ਦੇ ਮਾਨਗੜ੍ਹ ਧਾਮ ’ਚ ਮੰਗਲਵਾਰ ਨੂੰ ਹੋਏ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਗਹਿਲੋਤ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੱਲ ਜੋ ਬਿਆਨ ਦਿੱਤੇ, ਜੋ ਤਾਰੀਫਾਂ ਕੀਤੀਆਂ, ਮੈਂ ਸਮਝਦਾ ਹਾਂ ਕਿ ਇਕ ਦਿਲਚਸਪ ਘਟਨਾਕ੍ਰਮ ਹੈ ਕਿਉਂਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਸੰਸਦ ’ਚ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕੀਤੀ ਸੀ, ਉਸ ਤੋਂ ਬਾਅਦ ਦਾ ਘਟਨਾਕ੍ਰਮ ਅਸੀਂ ਸਾਰਿਆਂ ਨੇ ਦੇਖਿਆ ਹੈ।
ਪਾਇਲਟ ਨੇ ਉਮੀਦ ਜਤਾਈ ਕਿ ਪਾਰਟੀ ਜਲਦ ਹੀ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰੇਗੀ, ਜਿਨ੍ਹਾਂ ਨੂੰ ਸਤੰਬਰ ’ਚ ਅਨੁਸ਼ਾਸਨਹੀਣਤਾ ਲਈ ਨੋਟਿਸ ਦਿੱਤਾ ਗਿਆ ਸੀ। 25 ਸਤੰਬਰ ਨੂੰ ਮੁੱਖ ਮੰਤਰੀ ਨਿਵਾਸ ’ਤੇ ਬੁਲਾਈ ਗਈ ਕਾਂਗਰਸ ਵਿਧਾਇਕ ਦਲ (ਸੀ. ਐੱਲ. ਪੀ.) ਦੀ ਬੈਠਕ ’ਚ ਸ਼ਾਮਲ ਨਾ ਹੋਣ ਕੇ ਮੁੱਖ ਮੰਤਰੀ ਦੇ ਨਜ਼ਦੀਕੀ ਵਿਧਾਇਕਾਂ ਨੇ ਸੰਸਦੀ ਕਾਰਜ ਮੰਤਰੀ ਸ਼ਾਂਤੀ ਧਾਰੀਵਾਲ ਦੀ ਰਿਹਾਇਸ਼ ’ਤੇ ਸਮਾਨਾਂਤਰ ਬੈਠਕ ਕੀਤੀ ਅਤੇ ਵਿਧਾਨ ਸਭਾ ਸਪੀਕਰ ਸੀ. ਪੀ. ਜੋਸ਼ੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਮੰਤਰੀ ਸ਼ਾਂਤੀ ਧਾਰੀਵਾਲ ਅਤੇ ਮਹੇਸ਼ ਜੋਸ਼ੀ ਅਤੇ ਪਾਰਟੀ ਨੇਤਾ ਧਰਮਿੰਦਰ ਰਾਠੌੜ ਨੂੰ ਉਨ੍ਹਾਂ ਦੀ ਘੋਰ ਅਨੁਸ਼ਾਸਨਹੀਣਤਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਜੋ ਅਨਿਸ਼ਚਤਾ ਦੈ ਮਾਹੌਲ ਬਣਿਆ ਹੈ, ਉਸ ਨੂੰ ਖਤਮ ਕਰਨ ਦਾ ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਅਤੇ ਬਹੁਤ ਜਲਦ ਪਾਰਟੀ ਇਸ ’ਤੇ ਕਾਰਵਾਈ ਕਰੇਗੀ। ਉਥੇ ਹੀ ਮੁੱਖ ਮੰਤਰੀ ਦੇ ਓ. ਐੱਸ. ਡੀ. ਲੋਕੇਸ਼ ਸ਼ਰਮਾ ਦਾ ਇਕ ਟਵੀਟ ਵੀ ਪਾਇਲਟ ਦੇ ਉਸ ਬਿਆਨ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਖੜ੍ਹੇ ਪਾਣੀ ਵਿਚ ਕੰਕਰ ਨਾ ਮਾਰੋ, ਨਹੀਂ ਤਾਂ ਹਲਚਲ ਮਚ ਜਾਵੇਗੀ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਪਾਇਲਟ ਦੇ ਬਿਆਨ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੇ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ। ਸਾਡੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਵੀ ਬਿਆਨਬਾਜ਼ੀ ਕਰਨ ਤੋਂ ਰੋਕਿਆ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਅਨੁਸ਼ਾਸਨ ਦੀ ਪਾਲਣਾ ਸਾਰੇ ਲੋਕ ਕਰਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਸੂਬੇ ’ਚ ਕਾਂਗਰਸ ਦੀ ਮੁੜ ਸਰਕਾਰ ਕਿਵੇਂ ਬਣੇ। ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਨਗੜ੍ਹ ਧਾਮ ਦੀ ਗੌਰਵ ਗਾਥਾ ਪ੍ਰੋਗਰਾਮ ’ਚ ਰਾਜਸਥਾਨ ਦੇ ਲੋਕਾਂ ਨੂੰ ਨਿਰਾਸ਼ ਕੀਤਾ। ਉਨ੍ਹਾਂ ਨੂੰ ਤਿੰਨ ਗੱਲਾਂ ਕਹੀਆਂ ਸਨ। ਇਕ ਤਾਂ ਚਿਰੰਜੀਵੀ ਯੋਜਨਾ ਦੀ ਸਮੀਖਿਆ ਕਰਕੇ ਪੂਰੇ ਦੇਸ਼ ਵਿਚ ਲਾਗੂ ਕਰਨ, ਬਾਂਸਵਾੜਾ ਨੂੰ ਰੇਲਵੇ ਨਾਲ ਜੋੜਨਾ ਅਤੇ ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨਣ ਦੀ ਮੰਗ ਕੀਤੀ ਗਈ