ਗੈਂਗਸਟਰ ਦੇ ਐਨਕਾਊਂਟਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, ਪੁਲਸ ਅਫਸਰਾਂ 'ਤੇ ਚੱਲੇਗਾ ਕੇਸ
Wednesday, Jul 24, 2024 - 06:33 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਮਸ਼ਹੂਰ ਗੈਂਗਸਟਰ ਆਨੰਦਪਾਲ ਸਿੰਘ ਦੇ ਐਨਕਾਊਂਟਰ ਮਾਮਲੇ 'ਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਜੋਧਪੁਰ ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। ਏਸੀਜੇਐੱਮ ਸੀਬੀਆਈ ਅਦਾਲਤ ਨੇ ਇਸ ਮੁਕਾਬਲੇ ਵਿੱਚ ਸ਼ਾਮਲ 5 ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਅਦਾਲਤ ਨੇ ਮੁਕਾਬਲੇ ਵਿਚ ਸ਼ਾਮਲ ਪੁਲਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਜਾਂਚ ਅਤੇ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਆਨੰਦਪਾਲ ਦਾ ਐਨਕਾਊਂਟਰ 24 ਜੂਨ 2017 ਨੂੰ ਹੋਇਆ ਸੀ। ਪਰਿਵਾਰ ਵੱਲੋਂ ਇਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਕੇਸ ਦਰਜ ਕਰਵਾਇਆ ਗਿਆ ਸੀ।
ਆਨੰਦਪਾਲ ਦੇ ਪਰਿਵਾਰ ਨੇ ਐਨਕਾਊਂਟਰ 'ਤੇ ਸਵਾਲ ਕੀਤੇ ਖੜ੍ਹੇ
ਗੈਂਗਸਟਰ ਦੇ ਐਨਕਾਊਂਟਰ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੰਦੇ ਹੋਏ ਅਦਾਲਤ 'ਚ ਚੁਣੌਤੀ ਦਿੱਤੀ ਸੀ। ਇਸ ਦੇ ਨਾਲ ਹੀ ਸੀਬੀਆਈ ਨੇ ਇਸ ਮਾਮਲੇ ਵਿਚ ਕਲੋਜ਼ਰ ਰਿਪੋਰਟ ਅਦਾਲਤ ਨੂੰ ਦਿੱਤੀ ਸੀ, ਇਸ ਰਿਪੋਰਟ ਵਿੱਚ ਫਰਜ਼ੀ ਮੁਕਾਬਲੇ ਦੇ ਮਾਮਲੇ ਤੋਂ ਇਨਕਾਰ ਕੀਤਾ ਗਿਆ ਸੀ। ਪਰ ਆਨੰਦਪਾਲ ਦੀ ਪਤਨੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਆਨੰਦ ਪਾਲ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦਿੱਤੀ ਗਈ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਨੰਦਪਾਲ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ, ਜੋ ਫਰਜ਼ੀ ਮੁਕਾਬਲੇ ਵਲ ਇਸ਼ਾਰਾ ਕਰਦੀ ਹੈ। ਹੋਰ ਸਬੂਤ ਵੀ ਸਾਬਤ ਕਰਦੇ ਹਨ ਕਿ ਇਹ ਫਰਜ਼ੀ ਮੁਕਾਬਲਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਐਨਕਾਊਂਟਰ ਵਿੱਚ ਸ਼ਾਮਲ ਚੁਰੂ ਦੇ ਤਤਕਾਲੀ ਐੱਸਪੀ ਰਾਹੁਲ ਬਰਹਤ, ਤਤਕਾਲੀ ਐਡੀਸ਼ਨਲ ਐੱਸਪੀ ਵਿਦਿਆ ਪ੍ਰਕਾਸ਼ ਚੌਧਰੀ, ਡੀਐੱਸਪੀ ਸੂਰਿਆਵੀਰ ਸਿੰਘ ਰਾਠੌੜ, ਆਰਏਸੀ ਹੈੱਡ ਕਾਂਸਟੇਬਲ ਕੈਲਾਸ਼ ਖ਼ਿਲਾਫ਼ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ।
ਕਿਵੇਂ ਹੋਇਆ ਐਨਕਾਊਂਟਰ?
ਪੁਲਸ ਨੇ ਦੱਸਿਆ ਸੀ ਕਿ ਆਨੰਦਪਾਲ ਦੇ ਸਾਥੀਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਸਾਲਾਸਰ ਵਿੱਚ ਲੁਕਿਆ ਹੋਇਆ ਹੈ, ਜਿਸ ਦੀ ਪੁਸ਼ਟੀ ਹੋਣ ਤੋਂ ਬਾਅਦ ਐੱਸਓਜੀ ਨੇ ਘੇਰਾਬੰਦੀ ਕਰ ਕੇ ਆਨੰਦਪਾਲ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਸੀ ਕਿ ਜਿਵੇਂ ਹੀ ਪੁਲਸ ਟੀਮ ਉਥੇ ਪਹੁੰਚੀ ਤਾਂ ਆਨੰਦਪਾਲ ਨੇ ਘਰ ਦੀ ਛੱਤ ਤੋਂ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਐੱਸਓਜੀ ਨੇ ਵੀ ਗੋਲੀਬਾਰੀ ਕੀਤੀ। ਗੋਲੀਬਾਰੀ 'ਚ ਆਨੰਦਪਾਲ ਮਾਰਿਆ ਗਿਆ। ਉਸ ਨੂੰ 6 ਗੋਲੀਆਂ ਲੱਗੀਆਂ। ਅਧਿਕਾਰੀਆਂ ਨੇ ਕਿਹਾ ਸੀ ਕਿ ਆਨੰਦਪਾਲ ਨੂੰ ਫੜਨ 'ਚ ਕਰੀਬ 8 ਤੋਂ 9 ਕਰੋੜ ਰੁਪਏ ਖਰਚ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਆਨੰਦਪਾਲ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਬਹੁਤ ਪਸੰਦ ਕਰਦਾ ਸੀ। ਉਹ ਦਾਊਦ ਨਾਲ ਜੁੜੀ ਹਰ ਖ਼ਬਰ ਪੜ੍ਹਦਾ ਸੀ ਅਤੇ ਉਸ ਦਾ ਪਾਲਣ ਕਰਦਾ ਸੀ। ਪੁਲਸ ਸੂਤਰਾਂ ਮੁਤਾਬਕ ਆਨੰਦਪਾਲ ਜਦੋਂ ਜੇਲ੍ਹ 'ਚ ਸੀ ਤਾਂ ਉਹ ਦਾਊਦ 'ਤੇ ਲਿਖੀਆਂ ਕਿਤਾਬਾਂ ਪੜ੍ਹਦਾ ਸੀ।