ਰਾਂਚੀ ''ਚ 2 ਕੁੜੀਆਂ ਨਾਲ ਸਮੂਹਕ ਜਬਰ ਜ਼ਿਨਾਹ, 5 ਦੋਸ਼ੀ ਗ੍ਰਿਫ਼ਤਾਰ
Friday, Apr 15, 2022 - 03:24 PM (IST)
ਰਾਂਚੀ (ਭਾਸ਼ਾ)- ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਧੁਰਵਾ ਥਾਣਾ ਖੇਤਰ 'ਚ ਵੀਰਵਾਰ ਰਾਤ 6 ਲੋਕਾਂ ਨੇ 2 ਕੁੜੀਆਂ ਨਾਲ ਕਥਿਤ ਤੌਰ 'ਤੇ ਸਮੂਹਕ ਜਬਰ ਜ਼ਿਨਾਹ ਕੀਤਾ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸ਼ੁੱਕਰਵਾਰ ਤੜਕੇ 5 ਦੋਸ਼ੀਆਂ ਗ੍ਰਿਫ਼ਤਾਰ ਕਰ ਲਿਆ ਅਤੇ ਇਕ ਹੋਰ ਦੀ ਭਾਲ ਜਾਰੀ ਹੈ। ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ ਸੁਰਿੰਦਰ ਕੁਮਾਰ ਝਾਅ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਧੁਰਵਾ ਥਾਣਾ ਖੇਤਰ 'ਚ 6 ਲੋਕਾਂ ਨੇ ਕਥਿਤ ਤੌਰ 'ਤੇ 2 ਕੁੜੀਆਂ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ। ਉਨ੍ਹਾਂ ਦੱਸਿਆ ਕਿ ਪੀੜਤ ਕੁੜੀਆਂ ਅੱਧੀ ਰਾਤ ਥਾਣੇ ਪੁੱਜੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਜਿਸ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਕੁਝ ਘੰਟਿਆਂ 'ਚ ਹੀ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ 6ਵੇਂ ਮੁਲਜ਼ਮ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਕੁੜੀਆਂ ਅੱਧੀ ਰਾਤ ਨੂੰ ਥਾਣੇ ਪਹੁੰਚੀਆਂ ਅਤੇ ਪੁਲਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 6 'ਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਝਾਅ ਨੇ ਕਿਹਾ ਕਿ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਦੋਵੇਂ ਕੁੜੀਆਂ ਨੂੰ ਮੈਡੀਕਲ ਜਾਂਚ ਲਈ ਰਾਂਚੀ ਦੇ ਸਦਰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਤੁਪੁਦਾਨਾ ਇਲਾਕੇ ਦੀ ਰਹਿਣ ਵਾਲੀ ਇਕ ਕੁੜੀ ਆਪਣੀ ਨਨਾਣ ਦੇ ਘਰ ਗਈ ਹੋਈ ਸੀ। ਉਸ ਨੇ ਦੱਸਿਆ ਕਿ ਨਨਾਣ ਨੇ ਗੁਆਂਢ ਦੇ ਇਕ ਨੌਜਵਾਨ ਨਾਲ ਮਿਲ ਕੇ ਵੀਰਵਾਰ ਰਾਤ ਕੁੜੀ ਨੂੰ ਵਾਪਸ ਤੁਪੁਦਾਨਾ ਦੇ ਘਰ ਭੇਜ ਦਿੱਤਾ ਪਰ ਰਸਤੇ 'ਚ ਉਕਤ ਨੌਜਵਾਨ ਨੇ ਧੁਰਵਾ ਥਾਣੇ 'ਚ ਇਕ ਸੁੰਨਸਾਨ ਜਗ੍ਹਾ 'ਤੇ ਉਸ ਨਾਲ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ। ਝਾਅ ਨੇ ਦੱਸਿਆ ਕਿ ਇਸ ਤੋਂ ਬਾਅਦ ਨੌਜਵਾਨ ਨੇ ਆਪਣੇ 5 ਹੋਰ ਸਾਥੀਆਂ ਨੂੰ ਉੱਥੇ ਬੁਲਾਇਆ ਅਤੇ ਉਨ੍ਹਾਂ ਨੇ ਵੀ ਉਸ ਨਾਲ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ। ਪੀੜਤਾ ਨੇ ਦੋਸ਼ ਲਾਇਆ ਕਿ ਸਮੂਹਕ ਜਬਰ-ਜ਼ਿਨਾਹ ਤੋਂ ਬਾਅਦ ਦੋਸ਼ੀਆਂ ਨੇ ਕੁੜੀ ਨੂੰ ਕਿਹਾ ਕਿ ''ਤੂੰ ਆਪਣੇ ਕਿਸੇ ਹੋਰ ਸਹੇਲੀ ਨੂੰ ਫੋਨ ਕਰ ਕੇ ਇੱਥੇ ਬੁਲਾ ਲੈ, ਫਿਰ ਤੈਨੂੰ ਛੱਡ ਦੇਵਾਂਗਾ।'' ਉਨ੍ਹਾਂ ਕਿਹਾ ਕਿ ਪੀੜਤਾ ਨੇ ਡਰ ਕਾਰਨ ਆਪਣੀ ਇਕ ਸਹੇਲੀ ਨੂੰ ਉਥੇ ਬੁਲਾਇਆ, ਜਿਸ ਤੋਂ ਬਾਅਦ ਸਾਰੇ 6 ਦੋਸ਼ੀਆਂ ਨੇ ਉਸ ਦੀ ਸਹੇਲੀ ਨਾਲ ਵੀ ਸਮੂਹਕ ਜਬਰ ਜ਼ਿਨਾਹ ਕੀਤਾ। ਰਾਂਚੀ ਦੇ ਨਗਰ ਪੁਲਸ ਸੁਪਰਡੈਂਟ ਅੰਸ਼ੁਮਨ ਕੁਮਾਰ ਨੇ ਕਿਹਾ ਕਿ ਪੁਲਸ 6ਵੇਂ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਪੁਲਸ ਇਸ ਮਾਮਲੇ 'ਚ ਕੁੜੀ ਦੀ ਨਨਾਣ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।