ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਹੋਈ ਤਾਜ਼ਾ ਬਰਫ਼ਬਾਰੀ

Tuesday, May 12, 2026 - 10:30 PM (IST)

ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਹੋਈ ਤਾਜ਼ਾ ਬਰਫ਼ਬਾਰੀ

ਸ਼ਿਮਲਾ/ਭਰਮੌਰ (ਬਿਊਰੋ/ਉੱਤਮ)- ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਨੂੰ ਮੌਸਮ ਦੇ ਮਿਜ਼ਾਜ ’ਚ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਕੁਝ ਉੱਚਾਈ ਵਾਲੇ ਖੇਤਰਾਂ ’ਚ ਮੀਂਹ ਦਰਜ ਕੀਤਾ ਗਿਆ, ਉੱਥੇ ਹੀ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਵਾਧਾ ਦੇਖਿਆ ਗਿਆ ਹੈ। ਜਨਜਾਤੀ ਖੇਤਰ ਭਰਮੌਰ ਦੀ ਸ਼੍ਰੀ ਮਣੀਮਹੇਸ਼ ਸਮੇਤ ਆਸ-ਪਾਸ ਦੀਆਂ ਸਾਰੀਆਂ ਉੱਚੀਆਂ ਪਹਾੜੀਆਂ ’ਤੇ ਤਾਜ਼ਾ ਬਰਫ਼ਬਾਰੀ ਹੋਈ, ਜਦਕਿ ਹੇਠਲੇ ਇਲਾਕਿਆਂ ’ਚ ਮੀਂਹ ਪਿਆ।

ਮੀਂਹ ਅਤੇ ਬਰਫ਼ਬਾਰੀ ਕਾਰਨ ਤਾਪਮਾਨ ’ਚ ਅਚਾਨਕ ਗਿਰਾਵਟ ਆਉਣ ਨਾਲ ਖੇਤਰ ’ਚ ਠੰਢ ਵਧ ਗਈ ਹੈ। ਸੂਬੇ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਹੈ, ਜਿਸ ਵਿਚ ਕੇਲਾਂਗ ’ਚ ਸਭ ਤੋਂ ਵੱਧ 3 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਚੰਬਾ ’ਚ 1 ਮਿਲੀਮੀਟਰ ਮੀਂਹ ਪਿਆ। ਭੁੰਤਰ ਅਤੇ ਕਲਪਾ ’ਚ ਬੂੰਦਾਬਾਂਦੀ ਹੋਈ। ਮੰਗਲਵਾਰ ਨੂੰ ਊਨਾ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਰਾਜਧਾਨੀ ਸ਼ਿਮਲਾ ’ਚ 24.5 ਡਿਗਰੀ, ਸੁੰਦਰਨਗਰ ’ਚ 33.5 ਅਤੇ ਮੰਡੀ ’ਚ 33.2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 13 ਮਈ ਨੂੰ ਸੂਬੇ ਦੇ ਕਈ ਸਥਾਨਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਉੱਚੇ ਪਹਾੜੀ ਖੇਤਰਾਂ ’ਚ ਬਰਫ਼ਬਾਰੀ ਦੀ ਸੰਭਾਵਨਾ ਹੈ।


author

Rakesh

Content Editor

Related News