ਜੰਮੂ ਕਸ਼ਮੀਰ : ਸ਼ੋਪੀਆਂ ''ਚ 2 ਮੁਕਾਬਲਿਆਂ ''ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ

Wednesday, Oct 05, 2022 - 10:56 AM (IST)

ਜੰਮੂ ਕਸ਼ਮੀਰ : ਸ਼ੋਪੀਆਂ ''ਚ 2 ਮੁਕਾਬਲਿਆਂ ''ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ 2 ਮੁਕਾਬਲਿਆਂ 'ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਹਿਲਾ ਮੁਕਾਬਲਾ ਦਰਾਚ ਪਿੰਡ 'ਚ ਮੰਗਲਵਾਰ ਰਾਤ ਹੋਇਆ ਅਤੇ ਦੂਜਾ ਮੁਕਾਬਲਾ ਬੁੱਧਵਾਰ ਤੜਕੇ ਦੱਖਣੀ ਕਸ਼ਮੀਰ ਦੇ ਇਸੇ ਜ਼ਿਲ੍ਹੇ ਦੇ ਮੁਲੂ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਚਲਾਈ ਗਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹੋਇਆ। ਮੁਕਾਬਲਾ ਅਜਿਹਾ ਸਮੇਂ ਸ਼ੁਰੂ ਹੋਇਆ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਤੋਂ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ 'ਤੇ ਸਨ। ਸ਼ਾਹ ਰਾਜੌਰੀ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਮੰਗਲਵਾਰ ਰਾਤ ਸ਼੍ਰੀਨਗਰ ਪਹੁੰਚੇ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਹੋਰ ਜਨ ਸਭਾ ਨੂੰ ਸੰਬੋਧਨ  ਕਰਨਗੇ। ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਦਰਾਚ 'ਚ ਮੁਕਾਬਲੇ 'ਚ ਮਾਰੇ ਗਏ ਤਿੰਨ ਸਥਾਨਕ ਅੱਤਵਾਦੀ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ।

ਇਹ ਵੀ ਪੜ੍ਹੋ : ਉੱਤਰਾਖੰਡ 'ਚ ਬਾਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਲੋਕਾਂ ਦੀ ਮੌਤ

ਵਿਜੇ ਕੁਮਾਰ ਨੇ ਕਿਹਾ ਕਿ ਤਿੰਨ ਅੱਤਵਾਦੀਆਂ 'ਚੋਂ ਹਨਾਨ ਬਿਨ ਯਾਕੂਬ ਅਤੇ ਜਮਸ਼ੇਦ ਦੇ ਰੂਪ 'ਚ ਪਹਿਚਾਣੇ ਗਏ ਅੱਤਵਾਦੀ 2 ਅਕਤੂਬਰ 2022 ਨੂੰ ਪਿੰਗਲਾਨਾ 'ਚ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਜਾਵੇਦ ਡਾਰ ਅਤੇ 24 ਅਗਸਤ 2022 ਨੂੰ ਪੱਛਮੀ ਬੰਗਾਲ ਦੇ ਇਕ ਬਾਹਰੀ ਮਜ਼ਦੂਰ ਦੇ ਪੁਲਵਾਮਾ 'ਚ ਕਤਲ 'ਚ ਸ਼ਾਮਲ ਸੀ। ਸ਼ੋਪੀਆਂ ਜ਼ਿਲ੍ਹੇ 'ਚ ਹੀ ਅੱਜ ਤੜਕੇ ਮੁਲੂ ਮੁਕਾਬਲੇ 'ਚ ਲਸ਼ਕਰ ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ। ਪੁਲਸ ਨੇ ਕਿਹਾ ਕਿ ਮੁਹਿੰਮ ਅਜੇ ਜਾਰੀ ਹੈ ਅਤੇ ਪੂਰੇ ਵੇਰਵੇ ਦੀ ਉਡੀਕ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News