ਪੁਰਾਣੇ ਅਹਿਮਦਾਬਾਦ ਹਾਈਵੇਅ ''ਤੇ ਭਿਆਨਕ ਸੜਕ ਹਾਦਸਾ, 4 ਨੌਜਵਾਨਾਂ ਦੀ ਮੌਤ ਤੇ 6 ਜ਼ਖਮੀ
Saturday, Jan 17, 2026 - 02:54 PM (IST)
ਉਦੈਪੁਰ : ਉਦੈਪੁਰ ਦੇ ਪੁਰਾਣੇ ਅਹਿਮਦਾਬਾਦ ਹਾਈਵੇਅ 'ਤੇ ਸਨੀਵਾਰ ਨੂੰ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ, ਜਿਸ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਅਨੁਸਾਰ ਇਹ ਹਾਦਸਾ ਸਵੀਨਾ ਇਲਾਕੇ 'ਚ ਨੇਲਾ ਤਲਾਬ ਦੇ ਨੇੜੇ ਵਾਪਰਿਆ। ਮਰਨ ਵਾਲੇ ਚਾਰੇ ਨੌਜਵਾਨ ਉਦੈਪੁਰ ਦੇ ਹੀ ਰਹਿਣ ਵਾਲੇ ਸਨ। ਸਵੀਨਾ ਥਾਣਾ ਇੰਚਾਰਜ ਅਜੈਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਅਯਾਨ (17), ਆਦਿਲ ਕੁਰੈਸ਼ੀ (14), ਸ਼ੇਰ ਮੁਹੰਮਦ (19) ਅਤੇ ਗੁਲਾਮ ਖਵਾਜ਼ਾ (17) ਵਜੋਂ ਹੋਈ ਹੈ।
ਹਾਦਸੇ ਦਾ ਕਾਰਨ
ਪੁਲਸ ਮੁਤਾਬਕ, ਛੇ ਦੋਸਤ ਇਕ ਕਾਰ ਵਿੱਚ ਸਵਾਰ ਹੋ ਕੇ 'ਮਹਿਫਿਲ-ਏ-ਮਿਲਾਦ' ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਅਤੇ ਚਾਹ ਪੀਣ ਲਈ ਹਾਈਵੇਅ ਵੱਲ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਨੂੰ ਗੁਜਰਾਤ ਨੰਬਰ ਵਾਲੀ ਇਕ ਕਾਰ ਨੇ ਟੱਕਰ ਮਾਰ ਦਿੱਤੀ। ਗੁਜਰਾਤ ਦੀ ਇਹ ਕਾਰ ਚੂਰੂ ਜ਼ਿਲ੍ਹੇ ਦੇ ਰਾਜਗੜ੍ਹ ਤੋਂ ਗੁਜਰਾਤ ਦੇ ਵਾਪੀ ਵੱਲ ਜਾ ਰਹੀ ਸੀ। ਇਸ ਟੱਕਰ 'ਚ ਗੁਜਰਾਤ ਨੰਬਰ ਵਾਲੀ ਕਾਰ ਦੇ ਚਾਰ ਸਵਾਰ ਜ਼ਖਮੀ ਹੋਏ ਹਨ, ਜਦਕਿ ਮ੍ਰਿਤਕ ਨੌਜਵਾਨਾਂ ਦੇ ਦੋ ਹੋਰ ਸਾਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਐੱਮ.ਬੀ. ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
