ਕਾਂਗਰਸ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਰਾਮ ਪ੍ਰਕਾਸ਼ ਦਾ ਦਿਹਾਂਤ
Wednesday, Dec 13, 2023 - 04:59 PM (IST)
ਕੁਰੂਕਸ਼ੇਤਰ- ਕਾਂਗਰਸ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਡਾਕਟਰ ਰਾਮ ਪ੍ਰਕਾਸ਼ ਦਾ ਬੁੱਧਵਾਰ ਨੂੰ ਇੱਥੇ ਉਨ੍ਹਾਂ ਦੇ ਨਿਵਾਸ 'ਤੇ ਦਿਹਾਂਤ ਹੋ ਗਿਆ। ਪਰਿਵਾਰ ਦੇ ਕਰੀਬੀ ਲੋਕਾਂ ਨੇ ਇਹ ਜਾਣਕਾਰੀ ਦਿੱਤੀ। ਉਹ 84 ਸਾਲ ਦੇ ਸਨ।
ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਤੇ ਰਾਜ ਸਭਾ ਦੇ ਸਾਬਕਾ ਮੈਂਬਰ ਪ੍ਰਕਾਸ਼ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਡਾਕਟਰ ਰਾਮ ਪ੍ਰਕਾਸ਼ ਕਾਂਗਰਸ ਪਾਰਟੀ ਦੇ ਨੇਤਾ ਰਹਿ ਚੁੱਕੇ ਹਨ, ਜੋ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬਹੁਤ ਕਰੀਬੀ ਸਨ। ਰਾਮ ਪ੍ਰਕਾਸ਼ 2007 ਤੋਂ 2014 ਤੱਕ ਰਾਜ ਸਭਾ ਦੇ ਮੈਂਬਰ ਰਹੇ ਅਤੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ। ਡਾ. ਰਾਮ ਪ੍ਰਕਾਸ਼ ਦਾ ਜਨਮ 5 ਅਕਤੂਬਰ, 1939 ਨੂੰ ਜ਼ਿਲ੍ਹੇ ਦੇ ਪਿੰਡ ਤੰਗੌਰ ਵਿਚ ਓ. ਬੀ. ਸੀ ਅਤੇ ਵਿਸ਼ਵਕਰਮਾ ਪਿੱਠਭੂਮੀ 'ਚ ਹੋਇਆ ਸੀ। ਸਖ਼ਤ ਮਿਹਨਤ ਦੇ ਬਲਬੂਤੇ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਮਿਸਟਰੀ ਵਿਚ ਅਤੇ PhD ਦੀਆਂ ਡਿਗਰੀਆਂ ਪਾਸ ਕੀਤੀਆਂ ਅਤੇ ਇਸ ਤੋਂ ਬਾਅਦ ਲੰਮਾ ਸਮਾਂ ਇਸ ਸੰਸਥਾ ਵਿਚ ਪੜ੍ਹਾਇਆ। ਬਾਅਦ ਵਿਚ ਉਹ ਕੁਝ ਸਮੇਂ ਲਈ ਨਵੀਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਰਹੇ।