ਕਾਂਗਰਸ ਦੇ ਸੀਨੀਅਰ ਨੇਤਾ ਵਰਿੰਦਰ ਕਟਾਰੀਆਂ ਦਾ ਦੇਹਾਂਤ

Wednesday, Mar 06, 2019 - 02:08 PM (IST)

ਕਾਂਗਰਸ ਦੇ ਸੀਨੀਅਰ ਨੇਤਾ ਵਰਿੰਦਰ ਕਟਾਰੀਆਂ ਦਾ ਦੇਹਾਂਤ

ਨਵੀਂ ਦਿੱਲੀ-ਪੁਡੂਚੇਰੀ ਦੇ ਸਾਬਕਾ ਉੱਪ-ਰਾਜਪਾਲ ਅਤੇ ਸਾਬਕਾ ਰਾਜ ਸਭਾ ਦੇ ਮੈਂਬਰ ਵਰਿੰਦਰ ਕਟਾਰੀਆ ਦਾ ਦੇਰ ਰਾਤ ਦਿੱਲੀ 'ਚ ਦੇਹਾਂਤ ਹੋ ਗਿਆ। ਉੁਨ੍ਹਾਂ ਦੀ ਉਮਰ 89 ਸਾਲ ਸੀ। ਰਿਪੋਰਟ ਮੁਤਾਬਕ ਵਰਿੰਦਰ ਕਟਾਰੀਆਂ ਦਾ ਸਰਜਰੀ ਲਈ ਏਮਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਅੰਤਿਮ ਸਾਹ ਲਿਆ। ਸ੍ਰੀ ਕਟਾਰੀਆ ਦਾ ਲੋਧੀ ਗਰਾਊਂਡ ਦਿੱਲੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸ੍ਰੀ ਵਰਿੰਦਰ ਕਟਾਰੀਆ ਮੂਲ ਰੂਪ 'ਚ ਅਬੋਹਰ ਦੇ ਵਸਨੀਕ ਸੀ। ਸ਼੍ਰੀ ਵਰਿੰਦਰ ਕਟਾਰੀਆ 1992 ਤੋਂ 1998 ਤੱਕ ਰਾਜ ਸਭਾ ਦੇ ਮੈਂਬਰ ਰਹੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ। ਯੂ. ਪੀ. ਏ ਸਰਕਾਰ ਨੇ ਜੁਲਾਈ 2013 'ਚ ਉਨ੍ਹਾਂ ਨੂੰ ਪਾਂਡੀਚਰੀ ਦਾ ਉਪ- ਰਾਜਪਾਲ ਨਿਯੁਕਤ ਕੀਤਾ ਸੀ, ਜਿੱਥੇ ਉਹ 1 ਸਾਲ ਤੱਕ ਸੇਵਾਵਾਂ ਦਿੰਦੇ ਰਹੇ। ਐੱਨ. ਡੀ. ਏ ਦੀ ਸਰਕਾਰ ਬਣਨ ਬਾਅਦ ਉਨ੍ਹਾਂ ਨੂੰ ਜੁਲਾਈ 2014 'ਚ ਬਦਲ ਦਿੱਤਾ ਗਿਆ ਸੀ। ਉਹ ਪਰਿਵਾਰ ਸਮੇਤ ਲੰਬੇ ਸਮੇਂ ਤੋਂ ਦਿੱਲੀ ਵਿਖੇ ਹੀ ਰਹਿ ਰਹੇ ਸਨ। ਸ੍ਰੀ ਵਰਿੰਦਰ ਕਟਾਰੀਆ ਨਮਿਤ ਅੰਤਿਮ ਅਰਦਾਸ 8 ਮਾਰਚ ਨੂੰ ਪਗੜੀ ਵਾਲਾ ਗੁਰਦੁਆਰਾ ਸਾਹਿਬ ਬਲਾਕ ਬੀ ਗਰੇਟਰ ਕੈਲਾਸ਼-1 ਨਵੀਂ ਦਿੱਲੀ ਵਿਖੇ ਹੋਵੇਗੀ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵਰਿੰਦਰ ਕਟਾਰੀਆ ਦੇ ਦਿਹਾਂਤ 'ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।  


author

Iqbalkaur

Content Editor

Related News