ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੀ ਹਾਲਤ ਨਾਜ਼ੁਕ, ਰਾਜਪਾਲ ਆਨੰਦੀਬੇਨ ਮਿਲਣ ਪਹੁੰਚੀ
Tuesday, Jul 20, 2021 - 06:08 PM (IST)
ਲਖਨਊ (ਭਾਸ਼ਾ)— ਲਖਨਊ ਸਥਿਤ ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ’ਚ ਦਾਖ਼ਲ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਉੱਪ ਰਾਜਪਾਲ ਰਹਿ ਚੁੱਕੇ ਕਲਿਆਣ ਸਿੰਘ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਉਨ੍ਹਾਂ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਬੀਮਾਰ ਕਲਿਆਣ ਸਿੰਘ ਨੂੰ ਮਿਲਣ ਮੰਗਲਵਾਰ ਯਾਨੀ ਕਿ ਅੱਜ ਦੁਪਹਿਰ ਇੰਸਟੀਚਿਊਟ ਪਹੁੰਚੀ।
ਇੰਸਟੀਚਿਊਟ ਮੁਤਾਬਕ ਕਲਿਆਣ ਸਿੰਘ ਦੀ ਹਾਲਤ ਪਹਿਲਾਂ ਵਾਂਗ ਹੀ ਨਾਜ਼ੁਕ ਬਣੀ ਹੋਈ ਹੈ। ਸ਼ਨੀਵਾਰ ਸ਼ਾਮ ਨੂੰ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਕਲਿਆਣ ਸਿੰਘ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਪਰ ਤਕਲੀਫ਼ ਹੋਰ ਵੱਧਣ ਮਗਰੋਂ ਐਤਵਾਰ ਸ਼ਾਮ ਤੋਂ ਉਨ੍ਹਾਂ ਨੂੰ ‘ਨੌਨ ਇਨਵੇਸਿਵ ਵੈਂਟੀਲੇਸ਼ਨ’ ’ਤੇ ਰੱਖਿਆ ਗਿਆ ਹੈ। ਬਿਆਨ ਮੁਤਾਬਕ ਡਾਕਟਰ ਉਨ੍ਹਾਂ ’ਤੇ ਨਜ਼ਰ ਰੱਖ ਰਹੇ ਹਨ।
ਓਧਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਆਰ. ਕੇ. ਧੀਮਾਨ, ਕਲਿਆਣ ਸਿੰਘ ਦੇ ਇਲਾਜ ਦੀ ਨਿਗਰਾਨੀ ਕਰ ਰਹੇ ਹਨ। ਰਾਜਪਾਲ ਪਟੇਲ ਨੇ ਮੰਗਲਵਾਰ ਦੁਪਹਿਰ ਨੂੰ ਕਲਿਆਣ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਰਾਜਪਾਲ ਨੇ ਇੰਸਟੀਚਿਊਟ ਦੇ ਡਾਕਟਰਾਂ ਤੋਂ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਜ਼ਿਕਰਯੋਗ ਹੈ ਕਿ 89 ਸਾਲ ਦੀ ਉਮਰ ਵਿਚ ਕਲਿਆਣ ਸਿੰਘ ਨੂੰ ਪਿਛਲੀ 4 ਜੁਲਾਈ ਨੂੰ ਵਾਇਰਸ ਅਤੇ ਬੇਹੋਸ਼ੀ ਕਾਰਨ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇਲਾਜ ਰਾਮ ਮਨੋਹਰ ਲੋਹੀਆ ਮੈਡੀਕਲ ਸੰਸਥਾ ਵਿਚ ਕੀਤਾ ਜਾ ਰਿਹਾ ਸੀ।