Delhi: ਫਲਾਈਓਵਰ ਦਾ ਇੱਕ ਹਿੱਸਾ ਧੱਸਿਆ, ਆਟੋ ਚਾਲਕ ਹੋਇਆ ਹਾਦਸੇ ਦਾ ਸ਼ਿਕਾਰ
Thursday, Sep 04, 2025 - 10:13 AM (IST)

ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਵਿੱਚ ਹਫੜਾ-ਦਫੜੀ ਅਤੇ ਤਬਾਹੀ ਦੀ ਲਹਿਰ ਵੀਰਵਾਰ ਨੂੰ ਵੀ ਜਾਰੀ ਰਹੀ ਕਿਉਂਕਿ ਰੁਕ-ਰੁਕ ਕੇ ਬਾਰਿਸ਼ ਅਤੇ ਯਮੁਨਾ ਨਦੀ ਦੇ ਵਧਦੇ ਪਾਣੀ ਨੇ ਵਿਸ਼ਾਲ ਨੀਵੇਂ ਇਲਾਕਿਆਂ ਨੂੰ ਪਾਣੀ ਵਿੱਚ ਡੋਬ ਦਿੱਤਾ। ਦਿੱਲੀ ਦੇ ਅਲੀਪੁਰ ਇਲਾਕੇ ’ਚ ਫਲਾਈਓਵਰ ਦਾ ਇਕ ਹਿੱਸਾ ਧੱਸਣ ਨਾਲ ਵੱਡਾ ਹਾਦਸਾ ਵਾਪਰ ਗਿਆ। ਧੱਸੇ ਹਿੱਸੇ ’ਚ ਬਣੇ ਕਰੀਬ ਚਾਰ ਤੋਂ ਪੰਜ ਫੁੱਟ ਡੂੰਘੇ ਟੋਏ ’ਚ ਇਕ ਆਟੋ ਫਸ ਗਿਆ, ਜਿਸ ਕਾਰਨ ਆਟੋ ਚਾਲਕ ਜ਼ਖ਼ਮੀ ਹੋ ਗਿਆ। ਉਸਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਤੁਰੰਤ ਟ੍ਰੈਫ਼ਿਕ ਡਾਈਵਰਟ ਕਰ ਦਿੱਤਾ ਗਿਆ। ਇਸ ਫਲਾਈਓਵਰ ’ਤੇ ਦਰਾਰਾਂ ਵੀ ਸਾਫ਼ ਦਿਖਾਈ ਦੇ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਹ ਫਲਾਈਓਵਰ ਜ਼ਮੀਨ ਤੋਂ 30 ਤੋਂ 40 ਫੁੱਟ ਉਚਾਈ ’ਤੇ ਹੈ, ਜਿਸ ਕਰ ਕੇ ਹਾਦਸਾ ਹੋਰ ਵੱਡਾ ਰੂਪ ਲੈ ਸਕਦਾ ਸੀ।
ਇਸਦੇ ਨਾਲ ਹੀ ਦਿੱਲੀ ਤੇ ਐਨਸੀਆਰ 'ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਭਾਰੀ ਬਾਰਿਸ਼ ਕਾਰਨ ਹਾਲਾਤ ਚਿੰਤਾਜਨਕ ਹਨ। ਮੌਸਮ ਵਿਭਾਗ ਨੇ ਅੰਦਾਜ਼ਾ ਜਤਾਇਆ ਹੈ ਕਿ ਇਸ ਮਹੀਨੇ ਵੀ ਵੱਧ ਬਾਰਿਸ਼ ਹੋ ਸਕਦੀ ਹੈ, ਜਿਸ ਦਾ ਅਸਰ ਉਡਾਣਾਂ ’ਤੇ ਵੀ ਪੈ ਰਿਹਾ ਹੈ। ਅੰਕੜਿਆਂ ਮੁਤਾਬਕ ਸਤੰਬਰ ਮਹੀਨੇ 'ਚ ਦਿੱਲੀ 'ਚ ਆਮ ਤੌਰ ’ਤੇ 129.6 ਮਿ.ਮੀ. ਬਾਰਿਸ਼ ਹੁੰਦੀ ਹੈ ਪਰ ਇਸ ਵਾਰ ਸਿਰਫ਼ ਤਿੰਨ ਦਿਨਾਂ 'ਚ ਹੀ 58.1 ਮਿ.ਮੀ. ਬਾਰਿਸ਼ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਤੰਬਰ ਵਿੱਚ ਆਮ ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e