ਭਾਰਤੀ ਫੌਜੀਆਂ ਦੀ ਪਹਿਲੀ ਟੁਕੜੀ ਦੀ ਮਾਲਦੀਵ ਤੋਂ ਵਾਪਸੀ
Saturday, Mar 16, 2024 - 11:48 AM (IST)
ਨਵੀਂ ਦਿੱਲੀ- ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਲਦੀਵ ’ਚ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਦਾ ਸੰਚਾਲਨ ਕਰਨ ਵਾਲੇ ਫੌਜੀ ਕਰਮਚਾਰੀਆਂ ਦੀ ਪਹਿਲੀ ਟੁਕੜੀ ਟਾਪੂ ਦੇਸ਼ ਤੋਂ ਵਾਪਸ ਆ ਗਈ। ਫੌਜ ਦੀ ਥਾਂ ਸਵਿਲੀਅਨ ਤਕਨੀਕੀ ਮਾਹਿਰਾਂ ਨੇ ਲੈ ਲਈ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਆਪਣੇ ਦੇਸ਼ ਤੋਂ ਭਾਰਤੀ ਫੌਜੀ ਕਰਮਚਾਰੀਆਂ ਦੇ ਪਹਿਲੇ ਬੈਚ ਦੀ ਵਾਪਸੀ ਦੀ ਆਖਰੀ ਮਿਤੀ 10 ਮਾਰਚ ਰੱਖੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਪ੍ਰੈੱਸ ਕਾਨਫਰੰਸ ’ਚ ਕਿਹਾ ‘ਏ.ਐੱਲ.ਐੱਚ. ਆਪ੍ਰੇਸ਼ਨ ਨੂੰ ਅੰਜਾਮ ਦੇਣ ਵਾਲੀ ਪਹਿਲੀ ਟੀਮ ਦੀ ਵਾਪਸੀ ਪੂਰੀ ਹੋ ਗਈ ਹੈ, ਜਿਨ੍ਹਾਂ ਨੂੰ ਪਹਿਲੇ ਬੈਚ ਤਹਿਤ ਬਦਲਿਆ ਜਾਣਾ ਸੀ, ਉਨ੍ਹਾਂ ਨੂੰ ਬਦਲਣ ਦਾ ਕੰਮ ਪੂਰਾ ਹੋ ਗਿਆ ਹੈ। ਭਾਰਤੀ ਫੌਜੀਆਂ ਦੀ ਵਾਪਸੀ ਦੇ ਮੁੱਦੇ ’ਤੇ ਗਠਿਤ ਉੱਚ ਪੱਧਰੀ ਕੋਰ ਗਰੁੱਪ ਦੀ ਦੂਜੀ ਬੈਠਕ ਤੋਂ ਬਾਅਦ ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ 10 ਮਈ ਤੱਕ ਆਪਣੇ ਸਾਰੇ ਫੌਜੀ ਕਰਮਚਾਰੀਆਂ ਨੂੰ ਦੋ ਪੜਾਵਾਂ ’ਚ ਬਦਲ ਦੇਵੇਗਾ।