ਮਹਾਰਾਸ਼ਟਰ ’ਚ ਪਟਾਕੇ ਪੂਰਾ ਸਾਲ ਬੈਨ, ਬਣਾਉਣ-ਵੇਚਣ ’ਤੇ ਰੋਕ ਨਹੀਂ
Friday, Oct 16, 2026 - 07:44 PM (IST)
ਮੁੰਬਈ, (ਏਜੰਸੀ)-ਬੰਬੇ ਹਾਈ ਕੋਰਟ ਨੇ ਜਨਤਕ ਸੜਕਾਂ, ਗਲੀਆਂ ਅਤੇ ਫੁੱਟਪਾਥਾਂ ’ਤੇ ਪਟਾਕੇ ਚਲਾਉਣ ’ਤੇ ਲੱਗੀ ਰੋਕ ਪੂਰਾ ਸਾਲ ਲਾਗੂ ਕਰ ਦਿੱਤੀ ਹੈ। ਇਹ ਰੋਕ ਨਰਾਤੇ, ਦੀਵਾਲੀ, ਕ੍ਰਿਸਮਸ ਅਤੇ ਹੋਰ ਸਾਰੇ ਤਿਉਹਾਰਾਂ ’ਤੇ ਲਾਗੂ ਹੋਵੇਗੀ। ਇਹ ਹੁਕਮ ਪੂਰੇ ਮਹਾਰਾਸ਼ਟਰ ਵਿਚ ਤਿਉਹਾਰਾਂ ਦੀਆਂ ਯਾਤਰਾਵਾਂ ਦੌਰਾਨ ਰੌਲੇ ਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਤਾ ਗਿਆ ਹੈ। ਜਸਟਿਸ ਗਿਰੀਸ਼ ਐੱਸ. ਕੁਲਕਰਣੀ ਅਤੇ ਜਸਟਿਸ ਨੀਲਾ ਕੇ. ਗੋਖਲੇ ਦੀ ਬੈਂਚ ਨੇ ਇਹ ਨਿਰਦੇਸ਼ ਦਿੱਤਾ।
ਬੈਂਚ ਨੇ ਕਿਹਾ ਕਿ ਜਦੋਂ ਤੱਕ ਨਾਗਰਿਕ ਸਥਿਤੀ ਦੀ ਲੋੜ ਨੂੰ ਨਹੀਂ ਸਮਝਣਗੇ ਤੇ ਸ਼ਹਿਰਾਂ ਵਿਚ ਰਹਿਣ ਦੇ ਲੰਬੇ ਸਮੇਂ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਨਹੀਂ ਹੋਣਗੇ, ਉਦੋਂ ਤੱਕ ਸਥਿਤੀ ਵਿਗੜਦੀ ਰਹੇਗੀ। ਅਜਿਹੇ ਵਿਚ ਸ਼ਹਿਰ ਗੈਸ ਚੈਂਬਰ ਵਿਚ ਬਦਲ ਸਕਦੇ ਹਨ। ਅਦਾਲਤ ਨੇ ਮਹਾਰਾਸ਼ਟਰ ਸਰਕਾਰ, ਬੀ. ਐੱਮ. ਸੀ. ਅਤੇ ਐੱਮ. ਪੀ. ਸੀ. ਬੀ. ਨੂੰ ਜਾਗਰੂਕਤਾ ਮੁਹਿੰਮ ਅਤੇ ਸ਼ਿਕਾਇਤ ਪ੍ਰਣਾਲੀ ਸ਼ੁਰੂ ਕਰਨ ਲਈ ਕਿਹਾ ਹੈ। ਹਾਲਾਂਕਿ, ਅਦਾਲਤ ਨੇ ਸਾਫ਼ ਕੀਤਾ ਕਿ ਪਟਾਕਿਆਂ ਬਣਾਉਣ ਅਤੇ ਵਿਕਰੀ ’ਤੇ ਰੋਕ ਨਹੀਂ ਲਗਾਈ ਗਈ ਹੈ। ਅਗਲੀ ਸੁਣਵਾਈ 25 ਨਵੰਬਰ ਨੂੰ ਹੋਵੇਗੀ।
