ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ

Saturday, Jan 02, 2021 - 02:47 PM (IST)

ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ

ਵੈਬ ਡੈਸਕ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਕਰਦਿਆਂ ਅੱਜ 38 ਦਿਨ ਹੋ ਗਏ ਹਨ। ਦਿੱਲੀ ਧਰਨਿਆਂ ’ਚ ਡਟੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਤੋਂ ਸਮਰਥਨ ਮਿਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਸਾਨਾਂ ਦੇ ਹੱਕ ’ਚ ਹਾਂ ਦਾ ਨਾਅਰਾ ਦਿੱਤਾ ਹੈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਕੇਜਰੀਵਾਲ ਨਾਲ ਲਾਈਵ ਗੱਲਬਾਤ ਕੀਤੀ।ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਇੰਨੀ ਠੰਡ ’ਚ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਸੌਂਦੇ ਹਨ। ਉਹ ਆਪਣੀਆਂ ਮੰਗਾਂ ਲਈ ਲੜ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ 70 ਸਾਲਾਂ ਤੋਂ ਕਿਸਾਨਾਂ ਨੂੰ ਧੋਖਾ ਹੀ ਮਿਲਿਆ ਹੈ, ਹੁਣ ਕਿਸਾਨਾਂ ਕੋਲ ਖੇਤੀ ਬਚੀ ਹੈ। ਸਰਕਾਰ ਹੁਣ ਉਹ ਖੇਤੀ ਖੋਹ ਕੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦੀ ਹੈ। ਮੈਂ ਕਿਸਾਨਾਂ ਦਾ ਸਾਥ ਦੇ ਰਿਹਾ ਹਾਂ। 

ਖੇਤੀ ਕਾਨੂੰਨ ਕਿਸਾਨਾਂ ਲਈ ਕਿੰਨੇ ਕੁ ਫਾਇਦੇਮੰਦ ਹਨ, ਇਸ ਬਾਬਤ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਇਕ ਵੀ ਮੰਤਰੀ ਇਕ ਵੀ ਭਾਸ਼ਣ ’ਚ ਖੇਤੀ ਕਾਨੂੰਨਾਂ ਦੇ ਫਾਇਦੇ ਬਾਰੇ ਨਹੀਂ ਗਿਣਵਾ ਸਕਿਆ। ਜਦੋਂ ਵੀ ਭਾਸ਼ਣ ਦਿੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਚਿੰਤਾ ਨਾ ਕਰੋ ਐੱਮ. ਐੱਸ. ਪੀ. ਖ਼ਤਮ ਨਹੀਂ ਹੋਵੇਗੀ, ਮੰਡੀਆਂ ਖ਼ਤਮ ਨਹੀਂ ਹੋਣਗੀਆਂ, ਕਿਸਾਨਾਂ ਦੀ ਜ਼ਮੀਨ ਨਹੀਂ ਜਾਵੇਗੀ। ਕਾਨੂੰਨਾਂ ਨੂੰ ਲੈ ਕੇ ਫਾਇਦਾ ਕੀ ਹੋਵੇਗਾ? ਇਹ ਤਾਂ ਦੱਸ ਨਹੀਂ ਰਹੇ। ਇਨ੍ਹਾਂ ਤਿੰਨੋਂ ਕਾਨੂੰਨਾਂ ਦਾ ਇਕ ਵੀ ਫਾਇਦਾ ਨਹੀਂ ਹੈ। ਕਾਨੂੰਨਾਂ ਦਾ ਸਿਰਫ ਤੇ ਸਿਰਫ ਇਕ ਮਕਸਦ ਹੈ ਕਿਸਾਨਾਂ ਤੋਂ ਖੇਤੀ ਖੋਹ ਕੇ ਵੱਡੇ-ਵੱਡੇ ਕਾਰਪੋਰੇਟਾਂ ਨੂੰ ਸੌਂਪਣਾ।

ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ -
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਆਪਣੇ ਮੰਤਰੀਆਂ ਨੂੰ ਬਿਠਾ ਦੇਣ ਅਤੇ ਦੂਜੇ ਪਾਸੇ ਦੇਸ਼ ਦੇ ਕਿਸਾਨ ਆਗੂ ਬੈਠਣ ਤਾਂ ਖੁੱਲ੍ਹੀ ਬਹਿਸ ’ਚ ਸਭ ਕੁਝ ਸਾਫ਼ ਹੋ ਜਾਵੇਗਾ। ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਅੱਤਵਾਦੀ, ਨਕਸਲਵਾਦੀ ਕਹਿਣਾ ਗਲਤ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ। ਕੇਜਰੀਵਾਲ ਨੇ ਕਿਹਾ ਕਿ ਇਕ ਕਿਸਾਨ ਦੇ ਦੋ ਪੁੱਤਰ ਹਨ, ਇਕ ਪੁੱਤਰ ਕਿਸਾਨ ਬਣਦਾ ਹੈ ਤੇ ਦੂਜਾ ਬਾਰਡਰ ’ਤੇ ਫ਼ੌਜੀ ਜਵਾਨ ਬਣਦਾ ਹੈ। ਜੋ ਬਾਰਡਰ ’ਤੇ ਸਾਡਾ ਸਿਪਾਹੀ ਬੈਠਾ ਹੈ, ਜਦੋਂ ਉਹ ਦੇਖਦਾ ਹੈ ਕਿ ਸਿੰਘੂ ਸਰਹੱਦ ’ਤੇ ਬੈਠੇ ਮੇਰੇ ਪਿਤਾ ਨੂੰ ਅੱਤਵਾਦੀ ਬੋਲਿਆ ਜਾ ਰਿਹਾ ਹੈ, ਤਾਂ ਸੋਚੋ ਉਸ ਦੇ ਦਿਲ ’ਤੇ ਕੀ ਬੀਤਦੀ ਹੈ? ਗੰਦੀ ਰਾਜਨੀਤੀ ਲਈ ਦੇਸ਼ ਦੇ ਕਿਸਾਨ ਨੂੰ ਅੱਤਵਾਦੀ ਬੋਲਣਾ ਬਹੁਤ ਹੀ ਮਾੜੀ ਗੱਲ ਹੈ। 


author

Tanu

Content Editor

Related News