Fact Check: ਦਿੱਲੀ ਚੋਣਾਂ ਦੇ ਨਤੀਜਿਆਂ ਪਿੱਛੋਂ PM ਮੋਦੀ ਨੂੰ ਵਧਾਈ ਦੇਣ ਪੁੱਜੇ ਭੁਪਿੰਦਰ ਹੁੱਡਾ? ਇਹ ਹੈ ਵੀਡੀਓ ਦਾ ਸੱਚ
Wednesday, Feb 12, 2025 - 03:53 AM (IST)

Fact Check By AAJTAK
ਕੀ ਦਿੱਲੀ ਚੋਣਾਂ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦੇਣ ਪੁੱਜੇ ਸਨ? ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਰਾਹੀਂ ਅਜਿਹੇ ਹੀ ਦਾਅਵੇ ਕੀਤੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭੁਪਿੰਦਰ ਦੇ ਨਾਲ ਉਨ੍ਹਾਂ ਦਾ ਬੇਟਾ ਅਤੇ ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਸਨ।
ਅਜਿਹਾ ਦਾਅਵਾ ਕਰਦੇ ਹੋਏ ਲੋਕ ਇਹ ਵੀ ਕਿਆਸ ਲਗਾ ਰਹੇ ਹਨ ਕਿ ਇਸ ਮੁਲਾਕਾਤ ਤੋਂ ਬਾਅਦ ਹਰਿਆਣਾ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ। ਯੂਜ਼ਰਸ ਲਿਖ ਰਹੇ ਹਨ ਕਿ ਹੁਣ ਹੁੱਡਾ ਵੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਵੀਡੀਓ ਕਿਸੇ ਫੰਕਸ਼ਨ ਦਾ ਜਾਪਦਾ ਹੈ ਜਿੱਥੇ ਪੀਐੱਮ ਮੋਦੀ ਕੁਝ ਹੋਰ ਲੋਕਾਂ ਨਾਲ ਪਹੁੰਚਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਭੁਪਿੰਦਰ ਹੁੱਡਾ ਨੂੰ ਉਥੇ ਖੜ੍ਹੇ ਦੇਖ ਕੇ ਰੁਕ ਜਾਂਦੇ ਹਨ ਅਤੇ ਕਹਿੰਦੇ ਹਨ, ''ਹੁੱਡਾ ਸਾਹਬ, ਤੁਸੀਂ ਅੱਜਕੱਲ੍ਹ ਕਿੱਥੇ ਹੋ, ਠੀਕ ਤਾਂ ਹੋ? ਫਿਰ ਉਹ ਕਹਿੰਦੇ ਹਨ, "ਆਓ, ਕਦੇ ਵੀ ਆਓ"। ਇਸ ਤੋਂ ਬਾਅਦ ਮੋਦੀ ਅੱਗੇ ਵਧਦੇ ਹਨ ਅਤੇ ਦੀਪੇਂਦਰ ਹੁੱਡਾ ਵੱਲ ਦੇਖਦੇ ਹੋਏ ਕਹਿੰਦੇ ਹਨ, “ਜੂਨੀਅਰ ਹੁੱਡਾ ਇੱਥੇ ਹੈ, ਕੱਲ੍ਹ ਤੁਹਾਡੀ ਯਾਦ ਆਈ”। ਦੀਪੇਂਦਰ ਇਸ ਦੇ ਜਵਾਬ ਵਿੱਚ ਕੁਝ ਕਹਿੰਦਾ ਹੈ ਅਤੇ ਵੀਡੀਓ ਖਤਮ ਹੋ ਜਾਂਦਾ ਹੈ।
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ, "ਹਰਿਆਣਾ ਵਿੱਚ ਕਾਂਗਰਸ ਦਾ ਬੇੜਾ ਬਰਬਾਦ ਕਰਨ ਵਾਲੇ ਜੈਚੰਦ ਭੁਪਿੰਦਰ ਹੁੱਡਾ ਅਤੇ ਦਿੱਲੀ ਵਿੱਚ ਉਨ੍ਹਾਂ ਦਾ ਬੇਟਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਲੀ ਚੋਣਾਂ ਜਿੱਤਣ 'ਤੇ ਵਧਾਈ ਦੇ ਰਿਹਾ ਹੈ।" ਮੀਡੀਆ ਸੰਸਥਾ ‘ਜਾਗਰਣ’ ਨੇ ਵੀ ਆਪਣੀ ਖ਼ਬਰ ਵਿੱਚ ਇਸ ਮੁਲਾਕਾਤ ਨੂੰ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਾ ਦੱਸਿਆ ਹੈ।
ਪਰ ਆਜ ਤਕ ਫੈਕਟ ਚੈੱਕ ਨੇ ਪਾਇਆ ਕਿ ਇਹ ਵੀਡੀਓ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਹੈ ਜਦੋਂ ਹੁੱਡਾ ਅਤੇ ਪੀਐੱਮ ਮੋਦੀ 5 ਫਰਵਰੀ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਪੋਤੇ ਦੀ ਰਿਸੈਪਸ਼ਨ 'ਤੇ ਦਿੱਲੀ ਵਿੱਚ ਮਿਲੇ ਸਨ।
ਕਿਵੇਂ ਪਤਾ ਕੀਤੀ ਸੱਚਾਈ?
ਵਾਇਰਲ ਪੋਸਟ 'ਤੇ ਕਈ ਯੂਜ਼ਰਸ ਨੇ ਕੁਮੈਂਟ ਕੀਤਾ ਹੈ ਕਿ ਇਹ ਵੀਡੀਓ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਸਮਾਗਮ ਦਾ ਹੈ। ਇਸ ਆਧਾਰ 'ਤੇ ਖੋਜ ਕਰਨ 'ਤੇ ਸਾਨੂੰ ਕੁਝ ਖਬਰਾਂ ਮਿਲੀਆਂ, ਜਿਸ 'ਚ ਦੱਸਿਆ ਗਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੋਤੇ ਦੇ ਵਿਆਹ ਦੀ ਰਿਸੈਪਸ਼ਨ ਦਿੱਲੀ 'ਚ ਰੱਖੀ ਗਈ ਸੀ, ਜਿਸ 'ਚ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ ਸੀ। ਇਹ ਵੀ ਲਿਖਿਆ ਗਿਆ ਹੈ ਕਿ ਇਸ ਸਮਾਗਮ 'ਚ ਮੋਦੀ ਨੇ ਭੁਪਿੰਦਰ ਅਤੇ ਦੀਪੇਂਦਰ ਹੁੱਡਾ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ ਸੀ।
ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ‘ਦਿ ਟ੍ਰਿਬਿਊਨ’ ਦੀ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਇਹ ਰਿਸੈਪਸ਼ਨ 5 ਫਰਵਰੀ ਨੂੰ ਦਿੱਲੀ ਵਿੱਚ ਹੋਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆਏ ਸਨ।
ਟ੍ਰਿਬਿਊਨ ਦੀ ਪੱਤਰਕਾਰ ਅਦਿਤੀ ਟੰਡਨ ਨੇ 6 ਫਰਵਰੀ ਨੂੰ ਇੱਕ ਟਵੀਟ ਵਿੱਚ ਸਮਾਰੋਹ ਦਾ ਇੱਕ ਹੋਰ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਪੀਐੱਮ ਮੋਦੀ ਨੂੰ ਵਾਇਰਲ ਵੀਡੀਓ ਦੇ ਸਾਮਾਨ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਫੰਕਸ਼ਨ ਦੀ ਸਜਾਵਟ ਵੀ ਉਹੀ ਦਿਖਾਈ ਦਿੰਦੀ ਹੈ।
PM @narendramodi, HM@AmitShah, BJP chief @JPNadda, top ministers y’day graced @BJP4Punjab chief @sunilkjakhar’s family event in New Delhi. Spiritual head of Dera Beas Baba Gurinder Singh Dhillon was also present @PMOIndia @thetribunechdhttps://t.co/XR3HKXl5if pic.twitter.com/Ir3f2sLlG2
— Aditi Tandon (@anshumalini3) February 6, 2025
5-6 ਫਰਵਰੀ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਅਤੇ ਇੱਕ ਬਲਾਗ ਵਿੱਚ ਇਸ ਸਮਾਰੋਹ ਦੀਆਂ ਹੋਰ ਵੀ ਕਈ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀਆਂ ਗਈਆਂ ਹਨ।
ਇਨ੍ਹਾਂ 'ਚ ਉਹੀ ਲੋਕ ਜੋ ਵਾਇਰਲ ਵੀਡੀਓ 'ਚ ਪੀਐੱਮ ਮੋਦੀ ਦੇ ਨਾਲ ਨਜ਼ਰ ਆ ਰਹੇ ਹਨ। ਸਜਾਵਟ ਵੀ ਬਿਲਕੁੱਲ ਉਹੀ ਹੈ। ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮੋਦੀ ਅਤੇ ਹੁੱਡਾ ਵਿਚਕਾਰ ਮੁਲਾਕਾਤ ਜਾਖੜ ਦੇ ਪੋਤੇ ਦੀ ਰਿਸੈਪਸ਼ਨ ਵਿੱਚ ਹੀ ਹੋਈ ਸੀ ਜਿਹੜੀ 5 ਫਰਵਰੀ ਨੂੰ ਹੋਈ ਸੀ।
ਅਸੀਂ ਇਸ ਬਾਰੇ ਭੁਪਿੰਦਰ ਹੁੱਡਾ ਦੇ ਮੀਡੀਆ ਸਲਾਹਕਾਰ ਸੁਨੀਲ ਪਾਰਤੀ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਮੋਦੀ ਅਤੇ ਹੁੱਡਾ ਦੀ ਇਹ ਮੁਲਾਕਾਤ ਜਾਖੜ ਦੇ ਪੋਤੇ ਦੀ ਰਿਸੈਪਸ਼ਨ 'ਤੇ ਹੋਈ ਸੀ, ਜੋ ਦਿੱਲੀ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਹੋਈ ਸੀ। ਇਹ ਮੋਦੀ ਅਤੇ ਹੁੱਡਾ ਦੀ ਸ਼ਿਸ਼ਟਾਚਾਰੀ ਮੁਲਾਕਾਤ ਸੀ। ਪਾਰਟੀ ਮੁਤਾਬਕ ਦਿੱਲੀ ਚੋਣ ਨਤੀਜੇ ਆਉਣ ਤੋਂ ਬਾਅਦ ਹੁੱਡਾ ਨੇ ਮੋਦੀ ਨਾਲ ਮੁਲਾਕਾਤ ਨਹੀਂ ਕੀਤੀ ਹੈ।
ਹਾਲਾਂਕਿ, ਇੱਥੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਹੁੱਡਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸ-ਅਰਾਈਆਂ ਵਿੱਚ ਕਿੰਨੀ ਕੁ ਸਾਰਥਿਕਤਾ ਹੈ। ਪਰ ਜਿਸ ਵੀਡੀਓ ਨੂੰ ਲੈ ਕੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਉਹ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ AAJTAK ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)