ਹਰਿਆਣਾ ’ਚ ਬਰਾਬਰ ਦੀ ਟੱਕਰ

Friday, Aug 30, 2024 - 06:36 PM (IST)

ਹਰਿਆਣਾ ’ਚ ਬਰਾਬਰ ਦੀ ਟੱਕਰ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ’ਚ ਭਾਜਪਾ ਥੋੜ੍ਹੀ ਸਹਿਜ ਹੋ ਸਕਦੀ ਹੈ ਪਰ ਜਦੋਂ ਹਰਿਆਣਾ ਦੀ ਗੱਲ ਆਉਂਦੀ ਹੈ ਤਾਂ ਲੀਡਰਸ਼ਿਪ ਬੇਹੱਦ ਚਿੰਤਾ ’ਚ ਹੈ। ਆਮ ਧਾਰਨਾ ਦੇ ਉਲਟ ਹਰਿਆਣਾ ’ਚ ਇਕੱਲੇ ਸਾਰੀਆਂ 90 ਸੀਟਾਂ ’ਤੇ ਚੋਣਾਂ ਲੜਨ ਦਾ ਆਮ ਆਦਮੀ ਪਾਰਟੀ (ਆਪ) ਦਾ ਫੈਸਲਾ ਭਗਵਾ ਪਾਰਟੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।

ਸੂਬੇ ’ਚ ਬਹੁਗਿਣਤੀ ਭਾਈਚਾਰਾ ਜਾਟ ਪੂਰੀ ਤਰ੍ਹਾਂ ਕਾਂਗਰਸ ਲੀਡਰਸ਼ਿਪ ਦੇ ਨਾਲ ਹੈ, ਉੱਥੇ ਹੀ ਮੁਸਲਮਾਨ ਵੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਕਾਂਗਰਸ ਹਾਈਕਮਾਨ ਲੋਕ ਸਭਾ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੂੰ ਪਾਰਟੀ ਦਾ ਸੰਭਾਵੀ ਚਿਹਰਾ ਬਣਾ ਕੇ ਦਲਿਤ ਭਾਈਚਾਰੇ ਨੂੰ ਵੀ ਆਪਣੇ ਪਾਲੇ ’ਚ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਇਹ ਦੱਸਣਾ ਦਿਲਚਸਪ ਹੋਵੇਗਾ ਕਿ ਸ਼ੈਲਜਾ ਨੇ ਹਾਲ ਹੀ ’ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਹੁੱਡਾ ਖਿਲਾਫ ਸ਼ਿਕਾਇਤ ਕੀਤੀ ਸੀ। ਸੋਨੀਆ ਗਾਂਧੀ ਦੋਵਾਂ ਨੇਤਾਵਾਂ ਵਿਚਾਲੇ ਕਿਸੇ ਤਰ੍ਹਾਂ ਦਾ ਮੇਲ-ਮਿਲਾਪ ਕਰਾ ਸਕਦੀ ਹੈ ਤਾਂ ਜੋ ਜਨਤਕ ਬਹਿਸ ਤੋਂ ਬਚਿਆ ਜਾ ਸਕੇ।

ਭਾਜਪਾ ਦੀ ਵਾਧੂ ਚਿੰਤਾ ਇਹ ਹੈ ਕਿ ‘ਆਪ’ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲਿਆਂ ਲੜ ਰਹੀ ਹੈ, ਜਿਸ ਨਾਲ ਮੱਧ ਵਰਗ ਅਤੇ ਹੋਰ ਗੈਰ-ਜਾਟ ਭਾਈਚਾਰਿਆਂ ਵਾਲੇ ਸ਼ਹਿਰੀ ਖੇਤਰਾਂ ’ਚ ਉਸ ਦਾ ਵੋਟ ਬੈਂਕ ਕੱਟਿਆ ਜਾ ਸਕਦਾ ਹੈ। ‘ਆਪ’ ਨੇ 2024 ’ਚ ਕਾਂਗਰਸ ਨਾਲ ਰਣਨੀਤਿਕ ਗੱਠਜੋੜ ’ਚ ਲੋਕ ਸਭਾ ਚੋਣਾਂ ਲੜੀਅਾਂ ਸਨ। ਕਾਂਗਰਸ ਨੇ 9 ਲੋਕ ਸਭਾ ਸੀਟਾਂ ’ਤੇ ਚੋਣ ਲੜੀ, ਜਦੋਂ ਕਿ ‘ਆਪ’ ਨੂੰ ਇਕੋ-ਇਕ ਕੁਰੂਕਸ਼ੇਤਰ ਸੀਟ ਮਿਲੀ।

ਕਾਂਗਰਸ ਨੇ 2019 ’ਚ ਸਿਫ਼ਰ ਦੇ ਮੁਕਾਬਲੇ 5 ਸੀਟਾਂ ਜਿੱਤੀਆਂ ਅਤੇ ‘ਆਪ’ ਨੂੰ ਇਕ ਵੀ ਸੀਟ ਨਹੀਂ ਮਿਲੀ।

ਭਾਜਪਾ ਨੇ 5 ਸੀਟਾਂ ਗੁਆ ਦਿੱਤੀਆਂ ਅਤੇ ਉਸ ਦਾ ਵੋਟ ਸ਼ੇਅਰ ਵੀ 2019 ਦੇ 58.21% ਤੋਂ ਡਿੱਗ ਕੇ 46.11% ਹੋ ਗਿਆ। ਕਾਂਗਰਸ ਦਾ ਵੋਟ ਸ਼ੇਅਰ 2019 ’ਚ 28.51% ਸੀ, ਜੋ 2024 ’ਚ ਵਧ ਕੇ 43.67% ਹੋ ਗਿਆ। ‘ਆਪ’ ਨੂੰ ਵੀ ਸਿਰਫ ਇਕ ਸੀਟ ’ਤੇ ਚੋਣ ਲੜਨ ਦੇ ਬਾਵਜੂਦ 3.94 % ਵੋਟਾਂ ਮਿਲੀਆਂ। ਫਿਰ ਵੀ ਭਾਜਪਾ ਨੇ ਆਪਣੀ ਬੜ੍ਹਤ ਸਾਬਤ ਕਰ ਦਿੱਤੀ, ਕਿਉਂਕਿ ਉਸ ਨੇ 90 ਸੀਟਾਂ ’ਚੋਂ 44 ਵਿਧਾਨ ਸਭਾ ਹਲਕਿਆਂ ’ਚ ਵਾਧਾ ਬਣਾਇਆ, ਜਦੋਂ ਕਿ ਕਾਂਗਰਸ ਨੇ 42 ਹਲਕਿਆਂ ’ਚ ਜਿੱਤ ਹਾਸਲ ਕੀਤੀ ਅਤੇ ‘ਆਪ’ ਨੇ 4 ’ਚ।

ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ‘ਆਪ’ ਭਾਜਪਾ ਦੇ ਗੈਰ-ਜਾਟ ਵੋਟਾਂ ’ਚ ਸੰਨ੍ਹ ਲਾਵੇਗੀ। ਲੋਕ ਸਭਾ ਚੋਣਾਂ ’ਚ ਇਨੈਲੋ ਅਤੇ ਦੁਸ਼ਯੰਤ ਚੌਟਾਲਾ ਦੀ ਜੇ. ਜੇ. ਪੀ. ਨੂੰ ਕ੍ਰਮਵਾਰ 1.74% ਅਤੇ 0.87% ਵੋਟਾਂ ਮਿਲੀਆਂ ਸਨ। ਇਸ ਲਈ ਭਾਜਪਾ ਲੀਡਰਸ਼ਿਪ ਬਦਲੇ ਹਾਲਾਤ ’ਚ ਹਰਿਆਣਾ ਨੂੰ ਬਚਾਉਣ ਨੂੰ ਲੈ ਕੇ ਬੇਹੱਦ ਚਿੰਤਿਤ ਹੈ।


author

Rakesh

Content Editor

Related News