ਕਾਂਗਰਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿੱਟ ਸਕੇਗਾ : ਮੋਦੀ

Saturday, Dec 14, 2024 - 08:38 PM (IST)

ਕਾਂਗਰਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿੱਟ ਸਕੇਗਾ : ਮੋਦੀ

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਰੋਧੀ ਪਾਰਟੀ ਕਾਂਗਰਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿੱਟ ਸਕੇਗਾ।

ਸੰਵਿਧਾਨ ਦੀ 75 ਸਾਲਾਂ ਦੀ ਸ਼ਾਨਦਾਰ ਯਾਤਰਾ ’ਤੇ ਸ਼ਨੀਵਾਰ ਲੋਕ ਸਭਾ ’ਚ ਹੋਈ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ 'ਦੁਨੀਆਂ ’ਚ ਜਦੋਂ ਵੀ ਲੋਕਰਾਜ ਦੀ ਚਰਚਾ ਹੋਵੇਗੀ, ਕਾਂਗਰਸ ਦੇ ਮੱਥੇ ਤੋਂ ਐਮਰਜੈਂਸੀ ਦਾ ਕਲੰਕ ਕਦੇ ਨਹੀਂ ਮਿਟੇਗਾ ਕਿਉਂਕਿ ਉਦੋਂ ਲੋਕਰਾਜ ਦਾ ਗਲਾ ਘੁੱਟਿਆ ਗਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੀ ਤਪੱਸਿਆ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਕਿਸੇ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ ਕਿ ਸੰਵਿਧਾਨ ‘ਅਨੇਕਤਾ ’ਚ ਏਕਤਾ’ ਦਾ ਸੰਦੇਸ਼ ਦਿੰਦਾ ਹੈ ਪਰ ਆਜ਼ਾਦੀ ਤੋਂ ਬਾਅਦ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਕੀਤਾ ਗਿਆ। 'ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਦੇ ਮਨ ’ਚ ਏਕਤਾ ਦੀ ਜੋ ਭਾਵਨਾ ਸੀ, ਆਜ਼ਾਦੀ ਤੋਂ ਬਾਅਦ ਉਸ ’ਤੇ ਹਮਲਾ ਕੀਤਾ ਗਿਆ। ਗੁਲਾਮੀ ਦੀ ਮਾਨਸਿਕਤਾ ’ਚ ਪਲੇ ਲੋਕ ਵਨਸੁਵੰਨਤਾ ਦੀ ਅਨੇਕਤਾ ’ਚ ਏਕਤਾ ਦੀ ਥਾਂ ਵਿਰੋਧਤਾ ਨੂੰ ਲੱਭਦੇ ਰਹੇ।

ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਫੈਸਲਿਆਂ ’ਚ ਭਾਰਤ ਦੀ ਏਕਤਾ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਧਾਰਾ 370 ਏਕਤਾ ’ਚ ਰੁਕਾਵਟ ਸੀ । ਇਸ ਲਈ ਅਸੀਂ ਇਸ ਨੂੰ ਜ਼ਮੀਨ ’ਚ ਗੱਡ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਗਣਤੰਤਰ ਦਾ ਪਿਛੋਕੜ ਦੁਨੀਆ ਲਈ ਪ੍ਰੇਰਨਾਦਾਇਕ ਰਿਹਾ ਹੈ । ਇਸੇ ਲਈ ਦੇਸ਼ ਨੂੰ ਲੋਕਰਾਜ ਦੀ ਮਾਂ ਵਜੋਂ ਜਾਣਿਆ ਜਾਂਦਾ ਹੈ।


author

Rakesh

Content Editor

Related News