16,000 ਕਰੋੜ ਰੁਪਏ ਤੋਂ ਵੱਧ ਦੇ ਚੋਣ ਬਾਂਡ ਵੇਚੇ ਗਏ; ਭਾਜਪਾ ਨੂੰ ਮਿਲਿਆ ਵੱਡਾ ਹਿੱਸਾ

Friday, Feb 16, 2024 - 10:43 AM (IST)

16,000 ਕਰੋੜ ਰੁਪਏ ਤੋਂ ਵੱਧ ਦੇ ਚੋਣ ਬਾਂਡ ਵੇਚੇ ਗਏ; ਭਾਜਪਾ ਨੂੰ ਮਿਲਿਆ ਵੱਡਾ ਹਿੱਸਾ

ਨਵੀਂ ਦਿੱਲੀ-ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਹੁਣ ਤੱਕ ਚੋਣ ਬਾਂਡ ਤਹਿਤ 16,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਪ੍ਰਾਪਤ ਹੋਈ ਹੈ, ਜਿਸ ’ਚੋਂ ਸਭ ਤੋਂ ਵੱਡਾ ਹਿੱਸਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਿਲਣ ਦਾ ਅੰਦਾਜ਼ਾ ਹੈ। ਚੋਣ ਕਮਿਸ਼ਨ ਅਤੇ ਚੋਣ ਸੁਧਾਰ ਸੰਸਥਾ ‘ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼’ (ਏ. ਡੀ. ਆਰ.) ਅਨੁਸਾਰ, ਸਾਰੀਆਂ ਸਿਆਸੀ ਪਾਰਟੀਆਂ ਨੂੰ 2018 ’ਚ ਚੋਣ ਬਾਂਡ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਵਿੱਤੀ ਸਾਲ ਤੱਕ ਕੁੱਲ 12,000 ਕਰੋੜ ਰੁਪਏ ਤੋਂ ਵੱਧ ਰਕਮ ਮਿਲੀ ਅਤੇ ਇਸ ’ਚੋਂ ਸੱਤਾਧਾਰੀ ਭਾਜਪਾ ਨੂੰ ਲਗਭਗ 55 ਫੀਸਦੀ (6,565 ਕਰੋੜ ਰੁਪਏ) ਮਿਲੇ ਹਨ।
ਮੌਜੂਦਾ ਵਿੱਤੀ ਸਾਲ 2023-24 ਲਈ ਸਿਆਸੀ ਪਾਰਟੀਆਂ ਦੇ ਵੱਖ-ਵੱਖ ਅੰਕੜੇ ਸਾਲ ਲਈ ਉਨ੍ਹਾਂ ਦੀ ਸਾਲਾਨਾ ਆਡਿਟ ਰਿਪੋਰਟਾਂ ਦਾਖ਼ਲ ਕਰਨ ਤੋਂ ਬਾਅਦ ਮੁਹੱਈਆ ਹੋਣਗੇ। ਏ. ਡੀ. ਆਰ. ਨੇ ਮਾਰਚ 2018 ਤੋਂ ਜਨਵਰੀ 2024 ਤੱਕ ਚੋਣ ਬਾਂਡ ਦੀ ਵਿਕਰੀ ਰਾਹੀਂ ਇਕੱਠੀ ਹੋਈ ਕੁੱਲ ਰਕਮ 16,518.11 ਕਰੋੜ ਰੁਪਏ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਔਸਤਨ, ਸਿਆਸੀ ਪਾਰਟੀਆਂ ਨੂੰ ਮਿਲੇ ਕੁੱਲ ਚੰਦੇ ਦੇ ਅੱਧੇ ਤੋਂ ਜ਼ਿਆਦਾ ਹਿੱਸਾ ਬਾਂਡ ਤੋਂ ਪ੍ਰਾਪਤ ਰਕਮ ਦਾ ਹੈ, ਹਾਲਾਂਕਿ ਆਪਣੇ-ਆਪਣੇ ਸੂਬਿਆਂ ’ਚ ਕੁਝ ਸੱਤਾਧਾਰੀ ਖੇਤਰੀ ਪਾਰਟੀਆਂ ਦੇ ਮਾਮਲੇ ’ਚ ਇਹ ਅੰਕੜਾ 90 ਫੀਸਦੀ ਤੋਂ ਵੱਧ ਹੈ।
ਵਿੱਤੀ ਸਾਲ 2013-14 ’ਚ ਕਾਂਗਰਸ ਦੀ 598 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ ਭਾਜਪਾ ਦੀ ਕੁੱਲ ਆਮਦਨ 673.8 ਕਰੋੜ ਰੁਪਏ ਸੀ, ਵਿੱਚ ਦੇ ਕੁਝ ਸਾਲਾਂ ਨੂੰ ਛੱਡ ਕੇ, ਭਾਜਪਾ ਦੀ ਆਮਦਨ ਜ਼ਿਆਦਾਤਰ ਵਧਦੀ ਰਹੀ ਹੈ, ਜਦਕਿ ਕਾਂਗਰਸ ਦੀ ਆਮਦਨ ’ਚ ਗਿਰਾਵਟ ਦੇਖੀ ਗਈ ਹੈ। ਚੋਣ ਬਾਂਡ ਦੀ ਸ਼ੁਰੂਆਤ ਤੋਂ ਬਾਅਦ, ਪਹਿਲਾ ਪੂਰਾ ਵਿੱਤੀ ਸਾਲ 2018-19 ਸੀ, ਜਦੋਂ ਭਾਜਪਾ ਦੀ ਆਮਦਨ 1,027 ਕਰੋੜ ਰੁਪਏ ਤੋਂ ਦੁੱਗਣੀ ਹੋ ਗਈ, ਜਦਕਿ ਕਾਂਗਰਸ ਦੀ ਆਮਦਨ ਵੀ ਤੇਜ਼ ਰਫਤਾਰ ਨਾਲ 199 ਕਰੋੜ ਰੁਪਏ ਤੋਂ 918 ਕਰੋੜ ਰੁਪਏ ਹੋ ਗਈ।
ਪਿਛਲੇ ਵਿੱਤੀ ਸਾਲ 2022-23 ਦੌਰਾਨ, ਭਾਜਪਾ ਦੀ ਕੁੱਲ ਆਮਦਨ 2,360 ਕਰੋੜ ਰੁਪਏ ਸੀ, ਜਿਸ ’ਚੋਂ ਲਗਭਗ 1,300 ਕਰੋੜ ਰੁਪਏ ਚੋਣ ਬਾਂਡ ਰਾਹੀਂ ਆਏ ਸਨ। ਉਸੇ ਸਾਲ ਕਾਂਗਰਸ ਦੀ ਕੁੱਲ ਆਮਦਨ ਘਟ ਕੇ 452 ਕਰੋੜ ਰੁਪਏ ਰਹਿ ਗਈ, ਜਿਸ ’ਚੋਂ 171 ਕਰੋੜ ਰੁਪਏ ਚੋਣ ਬਾਂਡ ਰਾਹੀਂ ਮਿਲੇ ਸਨ। ਭਾਜਪਾ ਨੂੰ 2021-22 ’ਚ ਚੋਣ ਬਾਂਡ ਰਾਹੀਂ ਪ੍ਰਾਪਤ ਹੋਣ ਵਾਲੀ ਰਕਮ 1,033 ਕਰੋੜ ਰੁਪਏ ਤੋਂ ਵਧ ਗਈ, ਜਦਕਿ ਕਾਂਗਰਸ ਨੂੰ ਪ੍ਰਾਪਤ ਰਕਮ ਉਸ ਸਾਲ 236 ਕਰੋੜ ਰੁਪਏ ਘਟ ਗਈ।
ਹੋਰ ਪਾਰਟੀਆਂ ’ਚ, ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ ਪਿਛਲੇ ਵਿੱਤੀ ਸਾਲ ’ਚ ਇਨ੍ਹਾਂ ਬਾਂਡਾਂ ਰਾਹੀਂ 325 ਕਰੋੜ ਰੁਪਏ ਪ੍ਰਾਪਤ ਮਿਲੇ, ਜਦਕਿ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਨੂੰ 529 ਕਰੋੜ ਰੁਪਏ, ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਨੂੰ 185 ਕਰੋੜ ਰੁਪਏ, ਬੀਜੂ ਜਨਤਾ ਪਾਰਟੀ (ਬੀਜਦ) ਨੂੰ 152 ਕਰੋੜ ਰੁਪਏ ਅਤੇ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨੂੰ 34 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਸਮਾਜਵਾਦੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਨੂੰ ਚੋਣ ਬਾਂਡ ਦੇ ਰੂਪ ’ਚ ਇਕ ਰੁਪਿਆ ਵੀ ਨਹੀਂ ਮਿਲਿਆ। ਚੋਣ ਬਾਂਡ ’ਚ ਅੱਧੀ ਤੋਂ ਵੱਧ ਰਕਮ ਕਾਰਪੋਰੇਟ (ਨਿੱਜੀ ਕੰਪਨੀਆਂ) ਤੋਂ ਪ੍ਰਾਪਤ ਹੋਈ, ਜਦੋਂ ਕਿ ਬਾਕੀ ਰਕਮ ਹੋਰ ਸਰੋਤਾਂ ਤੋਂ ਆਈ।


author

Aarti dhillon

Content Editor

Related News