ਸਹਾਰਨਪੁਰ: ਹਾਜੀ ਇਕਬਾਲ ਖ਼ਿਲਾਫ਼ ED ਦੀ ਵੱਡੀ ਕਾਰਵਾਈ, 1097 ਕਰੋੜ ਦੀ ਜਾਇਦਾਦ ਅਟੈਚ

03/09/2021 9:26:05 PM

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਚੀਨੀ ਮਿਲ ਘੋਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਾਬਕਾ ਐੱਮ.ਐੱਲ.ਸੀ. ਮੁਹੰਮਦ ਇਕਬਾਲ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਸਾਬਕਾ ਐੱਮ.ਐੱਲ.ਸੀ. ਦੀ ਇੱਕ ਹਜ਼ਾਰ ਕਰੋੜ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਹੈ। ਇਸ ਕਾਰਵਾਈ ਨੂੰ ਈ.ਡੀ. ਦੀ ਲਖਨਊ ਜ਼ੋਨ ਦੀ ਟੀਮ ਨੇ ਅੰਜਾਮ ਦਿੱਤਾ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੀ ਉਸ ਸਮੇਂ ਦੀ ਮੁੱਖ ਮੰਤਰੀ ਮਾਇਆਵਤੀ ਦੇ ਕਾਰਜਕਾਲ ਦਾ ਹੈ।

ਦਰਸਅਲ, ਯੂ.ਪੀ. ਵਿੱਚ ਸਾਲ 2010 ਤੋਂ ਲੈ ਕੇ 2011 ਦੌਰਾਨ ਕਰੀਬ 11 ਚੀਨੀ ਮਿੱਲਾਂ ਨੂੰ ਸੁੱਟੇ ਭਾਅ 'ਤੇ ਵੇਚਿਆ ਗਿਆ ਸੀ। ਹਾਲਾਂਕਿ ਕੁਲ 21 ਤੋਂ ਜ਼ਿਆਦਾ ਚੀਨੀ ਮਿੱਲਾਂ ਨੂੰ ਬੇਹੱਦ ਘੱਟ ਕੀਮਤਾਂ 'ਤੇ ਵੇਚਿਆ ਗਿਆ ਸੀ। ਬਾਕੀ ਚੀਨੀ ਮਿੱਲਾਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ।

ਦੋਸ਼ ਹੈ ਕਿ ਉਸ ਡੀਲ ਨਾਲ ਰਾਜ ਅਤੇ ਕੇਂਦਰ ਸਰਕਾਰ ਨੂੰ ਕਰੀਬ 1,179 ਹਜ਼ਾਰ ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਸੀ। ਉੱਤਰ ਪ੍ਰਦੇਸ਼ ਵਿੱਚ ਸਾਲ 2007 ਤੋਂ ਲੈ ਕੇ 2012 ਵਿਚਾਲੇ ਮਾਇਆਵਤੀ ਦਾ ਸ਼ਾਸਨਕਾਲ ਸੀ। ਹੁਣ ਇਸ ਮਾਮਲੇ ਵਿੱਚ ਬੀ.ਐੱਸ.ਪੀ. ਦੇ ਸਾਬਕਾ ਐੱਮ.ਐੱਲ.ਸੀ. ਮੁਹੰਮਦ ਇਕਬਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ 1097 ਕਰੋੜ ਰੁਪਏ ਦੀ ਜਾਇਦਾਦ ਨੂੰ ਅਟੈਚ ਕੀਤਾ ਗਿਆ ਹੈ।

ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਵੀ ਜਾਂਚ ਸ਼ੁਰੂ ਕੀਤੀ ਸੀ। ਸੀ.ਬੀ.ਆਈ. ਦੀ ਐੱਫ.ਆਈ.ਆਰ. ਦੇ ਆਧਾਰ 'ਤੇ ED ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News