ਸ਼ਿਵਲਿੰਗ ''ਤੇ ਟਿੱਪਣੀ ਮਾਮਲੇ ''ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਮਿਲੀ ਜ਼ਮਾਨਤ
Saturday, May 21, 2022 - 06:52 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਐਸੋਸੀਏਟ ਪ੍ਰੋਫੈਸਰ ਰਤਨ ਲਾਲ ਨੂੰ ਜ਼ਮਾਨਤ ਦੇ ਦਿੱਤੀ। ਵਾਰਾਣਸੀ ਦੀ ਗਿਆਨਵਾਪੀ ਮਸਜਿਦ 'ਚ ਇਕ ਸ਼ਿਵਲਿੰਗ ਮਿਲਣ ਦੇ ਦਾਅਵੇ ਨੂੰ ਲੈ ਕੇ ਇਤਰਾਜ਼ਯੋਗ ਟਵੀਟ ਲਈ ਇਕ ਦਿਨ ਪਹਿਲਾਂ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਰਤਨ ਲਾਲ ਨੂੰ 50 ਹਜ਼ਾਰ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ ਜਮ੍ਹਾ ਕਰਨ 'ਤੇ ਰਾਹਤ ਦਿੱਤੀ। ਲਾਲ ਨੂੰ ਆਈ.ਪੀ.ਸੀ. ਦੀ ਧਾਰਾ 153 ਏ (ਧਰਮ, ਜਾਤੀ, ਜਨਮ ਸਥਾਨ, ਨਿਵਾਸ, ਭਾਸ਼ਾ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਵਧਾਉਣ ਅਤੇ ਸਦਭਾਵਨਾ ਵਿਗਾੜਨ ਦਾ ਕੰਮ ਕਰਨਾ) 295 ਏ (ਧਰਮ ਦਾ ਅਪਮਾਨ ਕਰ ਕੇ ਕਿਸੇ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣੀ) ਦੇ ਅਧੀਨ ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼ਿਵਲਿੰਗ ਬਾਰੇ ਇਤਰਾਜ਼ਯੋਗ ਪੋਸਟ ਕਰਨ 'ਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਖ਼ਿਲਾਫ਼ FIR
ਦਿੱਲੀ ਦੇ ਇਕ ਵਕੀਲ ਦੀ ਸ਼ਿਕਾਇਤ ਦੇ ਆਧਾਰ 'ਤੇ ਮੰਗਲਵਾਰ ਰਾਤ ਲਾਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਐਡਵੋਕੇਟ ਵਿਨੀਤ ਜ਼ਿੰਦਲ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਲਾਲ ਨੇ ਹਾਲ 'ਚ ਸ਼ਿਵਲਿੰਗ ਦੇ ਸੰਬੰਧ 'ਚ ਇਕ ਅਪਮਾਨਜਨਕ ਟਵੀਟ ਕੀਤਾ ਸੀ। ਖੱਬੇ ਪੱਖੀ ਦਲ ਨਾਲ ਸੰਬੰਧਤ ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਦੇ ਵਰਕਰਾਂ ਨੇ ਸ਼ਨੀਵਾਰ ਨੂੰ ਹਿੰਦੂ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਲਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਦਿੱਲੀ ਯੂਨੀਵਰਸਿਟੀ ਦੇ ਕਲਾ ਸੰਕਾਏ ਦੇ ਬਾਹਰ ਪ੍ਰਦਰਸ਼ਨ ਕੀਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ