ਦੋ ਮਹੀਨਿਆਂ ਲਈ ਡਰੋਨ ''ਤੇ ਲੱਗੀ ਪਾਬੰਦੀ

Tuesday, Feb 11, 2025 - 04:07 PM (IST)

ਦੋ ਮਹੀਨਿਆਂ ਲਈ ਡਰੋਨ ''ਤੇ ਲੱਗੀ ਪਾਬੰਦੀ

ਜੰਮੂ- ਦੋ ਮਹੀਨਿਆਂ ਲਈ ਡਰੋਨ ਦੇ ਸਟੋਰੇਜ, ਵਰਤੋਂ ਅਤੇ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਡਰੋਨ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ ਤਾਂ ਜੋ ਦੇਸ਼ ਵਿਰੋਧੀ ਅਨਸਰਾਂ ਵੱਲੋਂ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾ ਸਕੇ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।  ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੈਪਿੰਗ, ਸਰਵੇਖਣ, ਨਿਰਮਾਣ ਕਾਰਜਾਂ ਦੀ ਨਿਗਰਾਨੀ ਅਤੇ ਖੇਤੀਬਾੜੀ ਵਰਗੇ ਕੰਮਾਂ ਲਈ ਡਰੋਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਜਾਜ਼ਤ ਲੈਣ। ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਨੂੰ ਹੁਕਮਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਡੋਡਾ, ਸੁਦਰਸ਼ਨ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਕੋਲ ਪਹਿਲਾਂ ਹੀ ਡਰੋਨ ਕੈਮਰੇ ਜਾਂ ਅਜਿਹੇ ਉਡਣ ਯੰਤਰ ਹਨ, ਉਨ੍ਹਾਂ ਨੂੰ ਆਦੇਸ਼ ਜਾਰੀ ਹੋਣ ਦੇ ਇਕ ਹਫ਼ਤੇ ਦੇ ਅੰਦਰ-ਅੰਦਰ ਨਜ਼ਦੀਕੀ ਪੁਲਸ ਸਟੇਸ਼ਨ ਵਿਚ ਡਿਵਾਈਸ ਜਮ੍ਹਾਂ ਕਰਾਉਣੇ ਹੋਣਗੇ ਅਤੇ ਬਦਲੇ 'ਚ ਉਚਿਤ ਰਸੀਦ ਪ੍ਰਾਪਤ ਕਰਨੀ ਹੋਵੇਗੀ। ਹੁਕਮ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਕੁਝ ਖੇਤਰਾਂ 'ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਦੇਸ਼ ਵਿਰੋਧੀ ਤੱਤਾਂ ਨੇ ਡਰੋਨ ਅਤੇ ਸਮਾਨ ਯੰਤਰਾਂ ਦੀ ਵਰਤੋਂ ਕਰਕੇ ਨੁਕਸਾਨ ਪਹੁੰਚਾਉਣ, ਮਨੁੱਖੀ ਜੀਵਨ ਨੂੰ ਖਤਰੇ ਵਿਚ ਪਾਉਣ ਦੇ ਨਾਲ-ਨਾਲ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕੀਤਾ ਹੈ।


author

Tanu

Content Editor

Related News