ਹੈਰਾਨੀਜਨਕ! ਡਾਕਟਰਾਂ ਨੇ ਸ਼ਖਸ ਦੇ ਢਿੱਡ ''ਚੋਂ ਕੱਢੇ 33 ਸਿੱਕੇ
Wednesday, Feb 05, 2025 - 05:39 PM (IST)
ਬਿਲਾਸਪੁਰ- ਡਾਕਟਰਾਂ ਨੇ ਇਸ ਸ਼ਖਸ ਦੇ ਢਿੱਡ 'ਚੋਂ 33 ਸਿੱਕੇ ਕੱਢੇ ਹਨ। ਦਰਅਸਲ ਢਿੱਡ ਦਰਦ ਦੀ ਸ਼ਿਕਾਇਤ ਮਗਰੋਂ ਨੌਜਵਾਨ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਕੇ ਆਇਆ ਸੀ। ਹਸਪਤਾਲ ਪਹੁੰਚਣ ਮਗਰੋਂ ਡਾਕਟਰ ਨੇ ਨੌਜਵਾਨ ਦੇ ਵੱਖ-ਵੱਖ ਟੈਸਟ ਕੀਤੇ। ਜਿਸ ਤੋਂ ਬਾਅਦ ਐਂਡੋਸਕੋਪੀ ਵੀ ਕੀਤੀ ਗਈ। ਫਿਰ ਪਤਾ ਲੱਗਾ ਕਿ ਢਿੱਡ ਵਿਚ ਬਹੁਤ ਸਾਰੇ ਸਿੱਕੇ ਹਨ। ਅਜਿਹੇ ਵਿਚ ਡਾਕਟਰ ਨੇ ਆਪ੍ਰੇਸ਼ਨ ਕਰ ਕੇ ਨੌਜਵਾਨ ਦੇ ਢਿੱਡ 'ਚੋਂ 33 ਸਿੱਕੇ ਕੱਢੇ।
ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਹੈ। ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਨੌਜਵਾਨ ਦੇ ਢਿੱਡ 'ਚੋਂ 2 ਰੁਪਏ ਦੇ 5 ਸਿੱਕੇ, 10 ਰੁਪਏ ਦੇ 27 ਸਿੱਕੇ ਅਤੇ 20 ਰੁਪਏ ਦਾ ਇਕ ਸਿੱਕਾ ਕੱਢਿਆ ਗਿਆ। ਡਾਕਟਰ ਅੰਕੁਸ਼ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਸਿਜ਼ੋਫਰੀਨੀਆ ਨਾਂ ਦੀ ਬੀਮਾਰੀ ਹੈ। ਨੌਜਵਾਨ ਨੇ ਢਿੱਡ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ।
ਡਾਕਟਰਾਂ ਮੁਤਾਬਕ ਨੌਜਵਾਨ ਸਿਜ਼ੋਫਰੀਨੀਆ ਤੋਂ ਪੀੜਤ ਹੈ ਅਤੇ ਉਸ ਨੂੰ ਸਿੱਕੇ ਨਿਗਲਣ ਦੀ ਆਦਤ ਹੈ। ਸਿਜ਼ੋਫਰੀਨੀਆ ਇਕ ਗੰਭੀਰ ਮਾਨਸਿਕ ਬੀਮਾਰੀ ਹੈ। ਇਹ ਦਿਮਾਗ ਨਾਲ ਜੁੜੀ ਇਕ ਗੁੰਝਲਦਾਰ ਸਮੱਸਿਆ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਅਸਲੀਅਤ 'ਚ ਫਰਕ ਕਰਨਾ ਮੁਸ਼ਕਲ ਹੁੰਦਾ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਸੋਚਣ, ਮਹਿਸੂਸ ਕਰਨ ਅਤੇ ਵਿਵਹਾਰ ਕਰਨ ਵਿਚ ਸਮੱਸਿਆਵਾਂ ਹੁੰਦੀਆਂ ਹਨ।