ਨੌਜਵਾਨ ਦੇ ਢਿੱਡ ''ਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ, ਡਾਕਟਰ ਵੀ ਰਹਿ ਗਏ ਹੈਰਾਨ

Friday, Feb 28, 2025 - 12:55 PM (IST)

ਨੌਜਵਾਨ ਦੇ ਢਿੱਡ ''ਚੋਂ ਨਿਕਲੀਆਂ ਅਜਿਹੀਆਂ ਚੀਜ਼ਾਂ, ਡਾਕਟਰ ਵੀ ਰਹਿ ਗਏ ਹੈਰਾਨ

ਨੇਰਚੌਕ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਨੇਰਚੌਕ ਸਥਿਤ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਮੈਡੀਕਲ ਕਾਲਜ ਨੇਰਚੌਕ 'ਚ ਡਾਕਟਰਾਂ ਨੇ ਇਕ ਨੌਜਵਾਨ ਦੀ ਸਰਜਰੀ ਕਰ ਕੇ ਢਿੱਡ 'ਚੋਂ 12 ਹਾਰਡ ਆਈਟਮਾਂ ਜਿਨ੍ਹਾਂ ਵਿਚ ਪੈੱਨ, ਚਾਕੂ, ਚਿਮਚ, ਪਲਕਰ ਅਤੇ ਸੂਈ ਸ਼ਾਮਲ ਹਨ, ਕੱਢੇ ਹਨ। ਨੌਜਵਾਨ ਨੂੰ ਵੀਰਵਾਰ ਸਵੇਰੇ ਢਿੱਡ ਦਰਦ ਦੀ ਸ਼ਿਕਾਇਤ ਦੇ ਚੱਲਦੇ ਦਾਖਲ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਟੈਸਟ ਕੀਤੇ, ਜਿਸ ਵਿਚ ਉਸ ਦੇ ਢਿੱਡ ਵਿਚ ਕਈ ਚੀਜ਼ਾਂ ਸਨ।

3 ਘੰਟੇ ਚੱਲੀ ਸਰਜਰੀ

ਐਮਰਜੈਂਸੀ ਸਥਿਤੀ ਨੂੰ ਵੇਖਦੇ ਹੋਏ ਡਾਕਟਰਾਂ ਨੇ ਨੌਜਵਾਨ ਦੀ ਸਰਜਰੀ ਕੀਤੀ, ਜੋ ਕਿ ਲੱਗਭਗ 3 ਘੰਟੇ ਜਾਰੀ ਰਹੀ। ਡਾਕਟਰਾਂ ਨੇ ਸਰਜਰੀ ਕਰ ਕੇ ਨੌਜਵਾਨ ਦੇ ਢਿੱਡ 'ਚੋਂ ਪੈੱਨ, ਚਿਮਚ, ਪਲਕਰ, ਸੂਈ ਅਤੇ ਚਾਕੂ ਸਮੇਤ 12 ਆਈਟਮਾਂ ਕੱਢੀਆਂ ਹਨ। ਡਾ. ਰਾਹੁਲ ਨੇ ਦੱਸਿਆ ਕਿ ਨੌਜਵਾਨ ਦੇ ਢਿੱਡ 'ਚੋਂ ਸਾਰੀਆਂ ਚੀਜ਼ਾਂ ਕੱਢ ਲਈਆਂ ਗਈਆਂ ਹਨ ਅਤੇ ਨੌਜਵਾਨ ਅਜੇ ਵੀ ਨਿਗਰਾਨੀ ਹੇਠ ਹੈ।

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਨੌਜਵਾਨ

ਪਰਿਵਾਰ ਨੇ ਦੱਸਿਆ ਕਿ 27 ਸਾਲਾ ਕੌਸ਼ਿਤ ਕਾਠਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਦੀ 2006 ਵਿਚ ਮੌਤ ਹੋ ਗਈ ਸੀ। ਫਿਲਹਾਲ ਉਹ ਆਪਣੀ ਮਾਂ ਅਤੇ ਭਰਾ ਨਾਲ ਘਰ ਵਿਚ ਹੀ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਸ ਨੂੰ ਕੋਚਿੰਗ ਲਈ ਚੰਡੀਗੜ੍ਹ ਭੇਜਿਆ ਗਿਆ ਸੀ ਪਰ ਇਕ ਸਾਲ ਬਾਅਦ ਉਸ ਦੀ ਮਾਨਸਿਕ ਹਾਲਤ ਵਿਗੜ ਗਈ। ਇਸ ਤੋਂ ਬਾਅਦ ਉਹ ਉਸ ਨੂੰ ਘਰ ਵਾਪਸ ਲੈ ਆਏ। ਉਦੋਂ ਤੋਂ ਹੀ ਉਹ ਘਰ ਵਿਚ ਹੀ ਰਹਿੰਦਾ ਹੈ। ਵੀਰਵਾਰ ਰਾਤ ਉਸ ਦੇ ਢਿੱਡ 'ਚ ਬਹੁਤ ਤੇਜ਼ ਦਰਦ ਸ਼ੁਰੂ ਹੋਇਆ, ਤਾਂ ਉਸ ਨੂੰ ਤੁਰੰਤ ਮੈਡੀਕਲ ਕਾਲਜ ਲਿਜਾਇਆ ਗਿਆ। ਡਾਕਟਰਾਂ ਨੇ ਉਸ ਦੀ ਪੂਰੀ ਜਾਂਚ ਮਗਰੋਂ ਸਰਜਰੀ ਦਾ ਫ਼ੈਸਲਾ ਲਿਆ। ਸਰਜਰੀ ਦੌਰਾਨ ਉਸ ਦੇ ਢਿੱਡ 'ਚੋਂ 12 ਚੀਜ਼ਾਂ ਕੱਢੀਆਂ।
 


author

Tanu

Content Editor

Related News