ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ Gift, 4 ਫੀਸਦੀ ਡੀਏ ਨਾਲ ਹੋਵੇਗਾ ਬਕਾਇਆ ਮੈਡੀਕਲ ਬਿੱਲਾਂ ਦਾ ਭੁਗਤਾਨ
Saturday, Oct 12, 2024 - 05:32 AM (IST)

ਸ਼ਿਮਲਾ (ਯੋਗਰਾਜ) : ਦੀਵਾਲੀ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਸੀਐੱਮ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ 1 ਜਨਵਰੀ 2023 ਤੋਂ ਮਿਲਣ ਯੋਗ ਮੁਲਾਜ਼ਮਾਂ ਨੂੰ ਡੀਏ ਦੀ 4 ਫੀਸਦੀ ਕਿਸ਼ਤ ਦੇਣ ਦਾ ਐਲਾਨ ਕੀਤਾ ਤੇ ਸਾਰੇ ਬਕਾਇਆ ਮੈਡੀਕਲ ਬਿੱਲਾਂ ਨੂੰ ਜਾਰੀ ਕਰਨ ਦੀ ਗੱਲ ਵੀ ਕਹੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐੱਨਪੀਐੱਸ ਕਰਮਚਾਰੀਆਂ ਅਤੇ ਓਪੀਐੱਸ ਦੇ ਦਾਇਰੇ ਤੋਂ ਬਾਹਰ ਦੇ ਅਧਿਕਾਰੀਆਂ ਨੂੰ ਡੀਏ ਦੀ ਅਦਾਇਗੀ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਐੱਨਪੀਐੱਸ ਅਧੀਨ 1300 ਕਰਮਚਾਰੀਆਂ ਨੂੰ ਲਾਭ ਹੋਵੇਗਾ। ਇਸ ਨਾਲ ਸਰਕਾਰੀ ਖਜ਼ਾਨੇ 'ਤੇ ਲਗਭਗ 600 ਕਰੋੜ ਰੁਪਏ ਦਾ ਬੋਝ ਪਵੇਗਾ।
28 ਅਕਤੂਬਰ ਨੂੰ ਮਿਲੇਗੀ ਤਨਖਾਹ ਤੇ ਪੈਨਸ਼ਨ
ਮੁੱਖ ਮੰਤਰੀ ਨੇ ਨਵੰਬਰ ਮਹੀਨੇ ਵਿੱਚ ਮਿਲਣ ਵਾਲੀ ਤਨਖ਼ਾਹ ਅਤੇ ਪੈਨਸ਼ਨ 4 ਦਿਨ ਪਹਿਲਾਂ 28 ਅਕਤੂਬਰ ਨੂੰ ਅਦਾ ਕਰਨ ਦਾ ਐਲਾਨ ਕੀਤਾ ਹੈ, ਜੋ ਕਿ 1 ਨਵੰਬਰ ਅਤੇ 9 ਨਵੰਬਰ ਨੂੰ ਅਦਾ ਕੀਤੀ ਜਾਣੀ ਸੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਖਜ਼ਾਨਾ ਓਵਰਡਰਾਫਟ ਨਹੀਂ ਹੋਇਆ ਹੈ। ਮੀਡੀਆ 'ਚ ਗਲਤ ਖਬਰਾਂ ਆ ਰਹੀਆਂ ਹਨ, ਸਰਕਾਰ ਨੇ ਵਿੱਤੀ ਅਨੁਸ਼ਾਸਨ ਲਈ ਪਿਛਲੇ ਮਹੀਨੇ ਕੁਝ ਆਰਥਿਕ ਬਦਲਾਅ ਕੀਤੇ ਸਨ।
ਸੂਬੇ 'ਚ ਕਿਸੇ ਕਿਸਮ ਦਾ ਕੋਈ ਆਰਥਿਕ ਸੰਕਟ ਨਹੀਂ
ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ 'ਚ ਕਿਸੇ ਕਿਸਮ ਦਾ ਕੋਈ ਆਰਥਿਕ ਸੰਕਟ ਨਹੀਂ ਹੈ ਪਰ ਵਿੱਤੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਰਹੀ ਹੈ। ਵਿਰੋਧੀ ਧਿਰ ਬੇਵਜ੍ਹਾ ਹੀ ਕਾਂਗਰਸ ਸਰਕਾਰ ਦੇ ਅਕਸ ਨੂੰ ਢਾਹ ਲਾਉਣ 'ਤੇ ਲੱਗੀ ਹੋਈ ਹੈ, ਜਦਕਿ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਸਰਕਾਰੀ ਖ਼ਜ਼ਾਨੇ 'ਤੇ ਹਮਲਾ ਕਰ ਕੇ ਵੱਡੇ-ਵੱਡੇ ਐਲਾਨ ਕਰ ਕੇ ਸਰਕਾਰੀ ਖ਼ਜ਼ਾਨੇ 'ਤੇ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਬੋਝ ਪਾਇਆ ਹੈ।