ਕਰਨਾਟਕ ’ਚ ਕਾਂਗਰਸ ਲਈ ਮੁਸ਼ਕਿਲਾਂ
Thursday, Jan 18, 2024 - 01:04 PM (IST)
ਨਵੀਂ ਦਿੱਲੀ- ਕਰਨਾਟਕ ਵਿੱਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਵੇਂ ਕਾਂਗਰਸ ਨੇ ਭਾਜਪਾ ਨੂੰ ਹਰਾਇਆ ਹੋਵੇ ਪਰ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਉਸ ਨੂੰ ਵਾਟਰਲੂ ਵਰਗੀ ਲੜਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐੱਸ) ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਜਨਤਾ ਦਲ (ਐੱਸ) ਨੇ 2019 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਨਾਲ ਗਠਜੋੜ ਕਰ ਕੇ ਲੜੀਆਂ ਸਨ । ਭਾਜਪਾ ਨੇ ਉਦੋਂ ਲੋਕ ਸਭਾ ਦੀਆਂ 28 ਵਿੱਚੋਂ 26 ਸੀਟਾਂ ਜਿੱਤੀਆਂ ਸਨ ਤੇ ਇੱਕ ਜੇਤੂ ਆਜ਼ਾਦ ਉਮੀਦਵਾਰ ਨੂੰ ਉਸ ਦੀ ਹਮਾਇਤ ਹਾਸਲ ਸੀ।
ਭਾਜਪਾ ਨੂੰ 51.75 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸ ਨੂੰ 21 ਹਲਕਿਆਂ ’ਚ 32 ਫੀਸਦੀ ਅਤੇ ਜਨਤਾ ਦਲ (ਐੱਸ) ਨੂੰ ਸੱਤ ਹਲਕਿਆਂ ’ਚ 9.74 ਫੀਸਦੀ ਵੋਟਾਂ ਮਿਲੀਆਂ। ਦੇਵੇਗੌੜਾ ਵਲੋਂ ਭਾਜਪਾ ਨਾਲ ਹੱਥ ਮਿਲਾਉਣ ਕਾਰਨ ਗਠਜੋੜ ਘਾਤਕ ਹੁੰਦਾ ਨਜ਼ਰ ਆ ਰਿਹਾ ਹੈ। ਫਰਕ ਸਿਰਫ ਇੰਨਾ ਹੈ ਕਿ 2019 ’ਚ ਭਾਜਪਾ ਦੇ ਬੀ. ਐੱਸ. ਯੇਦੀਯੁਰੱਪਾ ਮੁੱਖ ਮੰਤਰੀ ਸਨ ਅਤੇ ਹੁਣ 2024 ’ਚ ਕਾਂਗਰਸ ਦੇ ਸਿੱਧਰਮਈਆ ਸੀ. ਐੱਮ. ਹਨ।
ਮੱਲਿਕਾਰਜੁਨ ਖੜਗੇ ਕਰਨਾਟਕ ਤੋਂ ਕਾਂਗਰਸ ਦੇ ਸਰਬ ਭਾਰਤੀ ਪ੍ਰਧਾਨ ਹਨ। ਇਸ ਨਾਲ ਕਾਂਗਰਸ ਦੇ ਉਮੀਦਵਾਰਾਂ ਦੀ ਮਦਦ ਹੋ ਸਕਦੀ ਹੈ । 2019 ਦੀਆਂ ਚੋਣਾਂ ’ਚ ਭਾਜਪਾ- ਜਨਤਾ ਦਲ (ਐੱਸ) ਨੂੰ 61.50 ਫੀਸਦੀ ਵੋਟਾਂ ਮਿਲੀਆਂ ਸਨ ।
ਭਾਜਪਾ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੌਜੂਦਾ ਲੋਕ ਸਭਾ ਮੈਂਬਰ ਸੁਮਲਤਾ ਅੰਬਰੀਸ਼ ਮੰਡਿਆ ਤੋਂ ਮੁੜ ਚੋਣ ਲੜਨਾ ਚਾਹੁੰਦੀ ਹੈ, ਜਦਕਿ ਜਨਤਾ ਦਲ (ਐੱਸ) ਵੀ ਇਹੀ ਮੰਗ ਕਰ ਰਹੀ ਹੈ। ਭਾਜਪਾ ਉਸ ਨੂੰ ਬਦਲਵੀਂ ਸੀਟ ਦੀ ਪੇਸ਼ਕਸ਼ ਕਰ ਰਹੀ ਹੈ ਕਿਉਂਕਿ ਮਾਂਡਿਆ ਵੋਕਲੀਗਾ ਦੇ ਗੜ੍ਹ ਦਾ ਹਿੱਸਾ ਹੈ ਪਰ ਸੁਮਲਤਾ ਨਹੀਂ ਮੰਨ ਰਹੀ।