ਭਾਜਪਾ-ਤ੍ਰਿਣਮੂਲ ’ਚ ਘਟਨ ਲੱਗੀਆਂ ਦੂਰੀਆਂ

Friday, Dec 02, 2022 - 12:13 PM (IST)

ਭਾਜਪਾ-ਤ੍ਰਿਣਮੂਲ ’ਚ ਘਟਨ ਲੱਗੀਆਂ ਦੂਰੀਆਂ

ਨਵੀਂ ਦਿੱਲੀ– ਪੱਛਮੀ ਬੰਗਾਲ ’ਚ ਭਾਜਪਾ-ਤ੍ਰਿਣਮੂਲ ਕਾਂਗਰਸ ਵਿਚਾਲੇ ਹਾਲਾਂਕਿ ਹੇਠਲੇ ਪੱਧਰ ’ਤੇ ਝੜਪਾਂ ਜਾਰੀ ਹਨ ਪਰ ਰਾਸ਼ਟਰੀ ਪੱਧਰ ’ਤੇ ਕੱਟੜ ਵਿਰੋਧੀਆਂ ਵਿਚਾਲੇ ਇਕ ਵੱਡੀ ਤਬਦੀਲੀ ਦਿਖ ਰਹੀ ਹੈ। ਇਸ ਉਭਰਦੇ ਮੇਲਜੋਲ ਦਾ ਪਹਿਲਾ ਸਬੂਤ ਪਿਛਲੇ ਮਹੀਨੇ ਮਿਲਿਆ ਸੀ, ਜਦ ਪਾਰਥ ਚੈਟਰਜੀ ਤੋਂ ਇਲਾਵਾ ਕਿਸੇ ਵੀ ਸੀਨੀਅਰ ਨੇਤਾ ਦਾ ਨਾਂ ਟੀਚਰ ਭਰਤੀ ਘਪਲੇ ’ਚ 50 ਕਰੋੜ ਰੁਪਏ ਦੀ ਨਕਦ ਬਰਾਮਦਗੀ ’ਚ ਨਹੀਂ ਆਇਆ ਸੀ।

ਹਫਤਿਆਂ ਦੇ ਅੰਦਰ ਪੱਛਮੀ ਬੰਗਾਲ ’ਚ ਮੋਦੀ ਸਰਕਾਰ ਵੱਲੋਂ ਇਕ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ, ਜੋ ਆਪਣੇ ਪਹਿਲਾਂ ਵਾਲੇ ਰਾਜਪਾਲ ਵਾਂਗ ਹਮਲਾਵਰ ਨਹੀਂ ਹਨ। ਨਵੇਂ ਰਾਜਪਾਲ ਡਾ. ਸੀ. ਆਨੰਦ ਬੋਸ, ਹੁਣ ਤੱਕ ਪੂਰੀ ਸਾਦਗੀ ਨਾਲ ਰਹਿ ਰਹੇ ਹਨ ਅਤੇ ਇਕੱਲੇ ਰਹਿੰਦੇ ਹਨ। ਨਿਯੁਕਤੀ ਦੇ ਕੁਝ ਦਿਨਾਂ ਦੇ ਅੰਦਰ ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਉਹ 5 ਦਸੰਬਰ ਨੂੰ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਜਿਵੇਂ ਕਿ ਇਹ ਕਾਫੀ ਨਹੀਂ ਸੀ, ਮਮਤਾ ਨੇ ਆਪਣੇ ਕੱਟੜ ਵਿਰੋਧੀ ਅਤੇ ਭਾਜਪਾ ਦੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੂੰ ਚਾਹ ’ਤੇ ਸੱਦਾ ਦਿੱਤਾ। ਹਾਲਾਂਕਿ ਦੋਵਾਂ ਵਿਚਾਲੇ ਬਰਫ ਨਹੀਂ ਪਿਘਲੀ ਹੈ ਪਰ ਪੱਤਾ ਸੁੱਟਿਆ ਜਾ ਚੁੱਕਾ ਹੈ।

ਜੇ ਮਮਤਾ ਭਾਜਪਾ ਲੀਡਰਸ਼ਿਪ ਦੇ ਨੇੜੇ ਆ ਰਹੀ ਹੈ ਤਾਂ ਭਗਵਾ ਪਾਰਟੀ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਲੰਬੇ ਸਮੇਂ ਤੱਕ ਕੜਵਾਹਟ ਨਾਲ ਕੋਈ ਸਿਆਸੀ ਮੁੱਦਾ ਪੂਰਾ ਨਹੀਂ ਹੋਵੇਗਾ। ਸ਼ਾਇਦ ਮੋਦੀ ਸੰਸਦ ’ਚ ਕੁਝ ਮਹੱਤਵਪੂਰਨ ਕਾਨੂੰਨ ਪਾਸ ਕਰਾਉਣ ’ਚ ਮਮਤਾ ਦਾ ਸਹਿਯੋਗ ਚਾਹੁੰਦੇ ਹਨ ਕਿਉਂਕਿ ਤ੍ਰਿਣਮੂਲ ਤੀਜਾ ਸਭ ਤੋਂ ਵੱਡਾ ਗਰੁੱਪ ਹੈ। ਰਾਜ ਸਭਾ ਅਤੇ ਲੋਕ ਸਭਾ ’ਚ ਤ੍ਰਿਣਮੂਲ ਦੇ ਫਾਇਰ ਬ੍ਰਾਂਡ ਨੇਤਾ ਸ਼ਾਇਦ ਅੱਗ ਨਾ ਉਗਲਣ ਜਿਵੇਂ ਕਿ ਹੁਣ ਤੱਕ ਹੁੰਦਾ ਰਿਹਾ ਹੈ।


author

Rakesh

Content Editor

Related News