ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਮੱਥਾ ਟੇਕਣ ਲਈ ਗੁਰੂ ਘਰ ਪਹੁੰਚਿਆ ਸੀ ਸ਼ਖ਼ਸ

Monday, Dec 02, 2024 - 10:22 AM (IST)

ਫਤਿਹਾਬਾਦ- ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਰਤੀਆ ਇਲਾਕੇ 'ਚ ਸਕੂਲ ਢਾਣੀ ਸਥਿਤ ਗੁਰਦੁਆਰਾ ਸਾਹਿਬ 'ਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਤੀਆ ਸਦਰ ਥਾਣੇ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਵਿਚ FIR ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਪਿੰਡ ਰਤੀਆ ਦੇ ਸਕੂਲ ਢਾਣੀ ਦੇ ਗੁਰਦੁਆਰਾ ਦਸਮੇਸ਼ ਸਭਾ ਦੀ ਪ੍ਰਬੰਧਕ ਕਮੇਟੀ ਦਾ ਵਫ਼ਦ ਅੱਜ ਸ਼ਾਮ ਰਤੀਆ ਸਦਰ ਥਾਣੇ ਪੁੱਜਾ। ਵਫ਼ਦ ਨੇ ਪੁਲਸ ਨੂੰ ਦੱਸਿਆ ਕਿ ਇਕ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ 11 ਵਜੇ ਵਾਪਰੀ।

ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਉਪਰਲੀ ਮੰਜ਼ਿਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਗੁਰਦੁਆਰੇ ਦੇ ਸੇਵਾਦਾਰ ਹੇਠਾਂ ਸਨ। ਇਸ ਦੌਰਾਨ ਉਹ ਵਿਅਕਤੀ ਮੱਥਾ ਟੇਕਣ ਲਈ ਉੱਪਰ ਗਿਆ ਅਤੇ ਬਾਅਦ ਵਿਚ ਵਾਪਸ ਆ ਗਿਆ। ਇਸ ਤੋਂ ਬਾਅਦ ਕੋਈ ਉੱਪਰ ਨਹੀਂ ਗਿਆ। ਜਦੋਂ ਸੇਵਾਦਾਰ ਸ਼ਾਮ ਨੂੰ ਉੱਪਰ ਗਏ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ ਫਟੇ ਹੋਏ ਵੇਖੇ। ਇਸ ਤੋਂ ਬਾਅਦ ਨੌਜਵਾਨ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ ਅਤੇ ਇਸ ਕਾਰਨ ਉਹ ਪੁਲਸ ਥਾਣੇ ਪਹੁੰਚ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਧਾਰਾ 295ਏ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਚੁੱਕੇ ਹਨ। ਹਾਲਾਂਕਿ ਸੀ. ਸੀ. ਟੀ.ਵੀ ਫੁਟੇਜ ਵਿਚ ਵਿਅਕਤੀ ਦਾ ਚੋਰੀ ਕਰਨ ਦਾ ਇਰਾਦਾ ਵਿਖਾਈ ਦੇ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬੇਅਦਬੀ ਦੇ ਦੋਸ਼ ਲਗਾ ਰਹੀ ਹੈ।


Tanu

Content Editor

Related News