ਭਾਰਤ ਪੁੱਜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, 5 ਸਮਝੌਤਿਆਂ 'ਤੇ ਹੋਏ ਦਸਤਖ਼ਤ

Sunday, Nov 29, 2026 - 10:01 AM (IST)

ਭਾਰਤ ਪੁੱਜੇ ਡੈਨਮਾਰਕ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ, 5 ਸਮਝੌਤਿਆਂ 'ਤੇ ਹੋਏ ਦਸਤਖ਼ਤ

ਨਵੀਂ ਦਿੱਲੀ- ਭਾਰਤ ਤੇ ਡੈਨਮਾਰਕ ਨੇ ਸ਼ਨੀਵਾਰ ਨੂੰ ਆਪਣੇ ਦੁਵੱਲੇ ਸਬੰਧਾਂ ਨੂੰ ਵਿਆਪਕ ਰੂਪ ਵਿਚ ਵਧਾਉਣ ਲਈ 5 ਸਾਲ ਦੀ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਹਮਰੁਤਬਾ ਲਾਰਸ ਲੋਕੇ ਰਾਸਮੁਸੇਨ ਨਾਲ ਵਿਸਥਾਰਤ ਗੱਲਬਾਤ ਕੀਤੀ, ਜਿਸ ਵਿੱਚ ਰੱਖਿਆ, ਉੱਭਰਦੀਆਂ ਤਕਨਾਲੋਜੀਆਂ, ਪੁਲਾੜ ਖੇਤਰ ਅਤੇ ਲੋਕਾਂ ਦੀ ਆਵਾਜਾਈ ਵਿਚ ਸਹਿਯੋਗ ਵਧਾਉਣ ਦਾ ਸੰਕਲਪ ਲਿਆ ਗਿਆ। 

ਦੋਵਾਂ ਧਿਰਾਂ ਨੇ ਵਿੱਤੀ ਸੇਵਾਵਾਂ, ਸਿੱਖਿਆ ਅਤੇ ਹੁਨਰ ਵਿਕਾਸ ਵਰਗੇ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ਦਾ ਵਿਆਪਕ ਮਕਸਦ ਵਿਸ਼ਵ ਪੱਧਰੀ ਬੇਯਕੀਨੀਆਂ ਅਤੇ ਭੂ-ਰਾਜਨੀਤਿਕ ਉਥਲ-ਪੁਥਲ ਦੇ ਪ੍ਰਭਾਵ ਨੂੰ ਘਟਾਉਣ ਲਈ ਮਿਲ ਕੇ ਕੰਮ ਕਰਨਾ ਹੈ। 

ਜੈਸ਼ੰਕਰ ਅਤੇ ਰਾਸਮੁਸੇਨ ਵਿਚਾਲੇ ਗੱਲਬਾਤ, ਡੈਨਮਾਰਕ ਦੇ ਵਿਦੇਸ਼ ਮੰਤਰੀ ਦੇ ਬੈਂਗਲੁਰੂ ਦਾ ਦੌਰਾ ਪੂਰਾ ਕਰ ਕੇ ਨਵੀਂ ਦਿੱਲੀ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਹੋਈ। ਯੂਰਪ ਵਿਚ ਡੈਨਮਾਰਕ, ਭਾਰਤ ਦਾ ਇਕ ਪ੍ਰਮੁੱਖ ਭਾਈਵਾਲ ਦੇਸ਼ ਹੈ। 2020 ਵਿਚ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹਰੀ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲੈ ਜਾਣ ਤੋਂ ਬਾਅਦ, ਵਪਾਰ ਅਤੇ ਨਿਵੇਸ਼, ਹਰੀ ਤਕਨਾਲੋਜੀ ਅਤੇ ਖੋਜ ਤੇ ਨਵੀਨਤਾ ਦੇ ਖੇਤਰਾਂ ਵਿਚ ਇਨ੍ਹਾਂ ਦੇ ਰਿਸ਼ਤਿਆਂ ਵਿਚ ਕਾਫ਼ੀ ਮਜ਼ਬੂਤੀ ਆਈ ਹੈ।

ਭਾਰਤ ਇਕ ਵੱਡੀ ਤਾਕਤ ਹੈ : ਰਾਸਮੁਸੇਨ
ਰਾਸਮੁਸੇਨ ਨੇ ਕਿਹਾ ਕਿ ਭਾਰਤ ਇਕ ਵੱਡੀ ਤਾਕਤ ਹੈ, ਜਿਸ ਦਾ ਉੱਭਰਨਾ ਅਸੀਂ ਆਉਣ ਵਾਲੇ ਸਾਲਾਂ ਵਿਚ ਆਰਥਿਕ ਅਤੇ ਭੂ-ਰਾਜਨੀਤਿਕ, ਦੋਵਾਂ ਹੀ ਮੋਰਚਿਆਂ ’ਤੇ ਦੇਖਾਂਗੇ। ਅਜਿਹੀ ਦੁਨੀਆ ਵਿਚ ਜਿੱਥੇ ਅੰਤਰਰਾਸ਼ਟਰੀ ਨਿਯਮ ਦਬਾਅ ਹੇਠ ਹਨ, ਡੈਨਮਾਰਕ ਅਤੇ ਯੂਰਪ ਨੂੰ ਭਾਰਤ ਵੱਲ ਹੱਥ ਵਧਾਉਣਾ ਚਾਹੀਦਾ ਹੈ ਅਤੇ ਉਸ ਦੇ ਨਾਲ ਇਕ ਮਜ਼ਬੂਤ ਭਾਈਵਾਲੀ ਬਣਾਉਣੀ ਚਾਹੀਦੀ ਹੈ। ਡੈਨਿਸ਼ ਧਿਰ ਦੇ ਇਕ ਬਿਆਨ ਮੁਤਾਬਕ, ‘‘ਮੈਂ ਇੱਥੇ ਉਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਉਸ ਦਾ ਵਿਸਥਾਰ ਕਰਨ ਆਇਆ ਹਾਂ।’’


author

Harpreet SIngh

Content Editor

Related News