ਪੰਜਾਬ-ਹਰਿਆਣਾ ਤੋਂ ਉੱਠਦੇ ਧੂੰਏਂ ਨਾਲ ਘੁਟਣ ਲੱਗਾ ਦਿੱਲੀ ਦਾ ਦਮ
Monday, Oct 08, 2018 - 04:42 PM (IST)

ਚੰਡੀਗੜ੍ਹ—ਪੰਜਾਬ ਤੇ ਹਰਿਆਣਾ ਦੇ ਖੇਤਾਂ 'ਚ ਝੋਨੇ ਦੀ ਕਟਾਈ ਹੁੰਦਿਆਂ ਹੀ ਕਿਸਾਨ ਪਰਾਲੀ ਨੂੰ ਅੱਗ ਦੇ ਹਵਾਲੇ ਕਰਨ ਲੱਗੇ ਹਨ। ਜਿਨ੍ਹਾਂ ਖੇਤਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਹੈ ਉਹ ਕਿਸੇ ਦੂਰ-ਦਰਾਜ ਦੇ ਇਲਾਕੇ 'ਚ ਨਹੀਂ, ਬਲਕਿ ਰਾਸ਼ਟਰੀ ਰਾਜਧਾਨੀ ਦੇ ਨਾਲ ਲਗਦੇ ਹਨ।
ਕਿਸਾਨਾਂ ਦੀ ਮੰਨੀਏ ਤਾਂ ਉਹ ਪਰਾਲੀ ਸਾੜਨ ਲਈ ਮਜਬੂਰ ਹਨ। ਸਰਕਾਰ ਉਨ੍ਹਾਂ ਦੀ ਮਦਦ ਦੇ ਦਾਅਵੇ ਤਾਂ ਕਰਦੀ ਹੈ ਪਰ ਅਸਲ 'ਚ ਉਨ੍ਹਾਂ ਕੋਲ ਨਾ ਤਾਂ ਮਸ਼ੀਨਰੀ ਹੈ ਤੇ ਨਾ ਹੀ ਪਰਾਲੀ ਟਿਕਾਣੇ ਲਗਾਉਣ ਲਈ ਕੋਈ ਆਰਥਿਕ ਮਦਦ। ਦੋਹਾਂ ਰਾਜਾਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜੁਰਮਾਨੇ ਦਾ ਪ੍ਰਬੰਧ ਜ਼ਰੂਰ ਕੀਤਾ ਹੈ ਪਰ ਉਨ੍ਹਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਤੇ ਉਸਦੇ ਪ੍ਰਬੰਧਨ ਤੋਂ ਮਿਲਣ ਵਾਲੇ ਫਾਇਦੇ ਦੱਸਣ ਲਈ ਕੋਈ ਕਦਮ ਨਹੀਂ ਉਠਾਇਆ ਹੈ। ਪੰਜਾਬ ਦੀ ਮੰਤਰੀ ਅਰੁਣਾ ਚੌਧਰੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਜ ਸਰਕਾਰ ਨੇ ਮਸ਼ੀਨਾਂ ਖ੍ਰੀਦਣ ਲਈ ਸਬਸਿਡੀ ਦਾ ਪ੍ਰਬੰਧ ਕੀਤਾ ਹੈ ਤੇ ਰਾਜ 'ਚ ਪਰਾਲੀ ਸਾੜਨ 'ਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਸਤੰਬਰ ਤੋਂ ਅਕਤੂਬਰ 'ਚ ਹੁਣ ਤਕ ਪਰਾਲੀ ਸਾੜਨ ਦੇ 40 ਮਾਮਲੇ ਦਰਜ ਕੀਤੇ ਹਨ। ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ ਰਾਜ 'ਚ 2016 ਤੇ 2017 ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਮੀ ਆਈ ਹੈ।