ਕਿਸਾਨ ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ ਸੀ: ਪੁਲਸ

02/27/2021 5:52:15 PM

ਨਵੀਂ ਦਿੱਲੀ— ਦਿੱਲੀ ’ਚ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ ਸੀ। ਇਹ ਜਾਣਕਾਰੀ ਅੱਜ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ। ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਪੁਲਸ ਨੇ ਇਹ ਦਾਅਵਾ ਨਵਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਅਤੇ ਐਕਸ-ਰੇ ਰਿਪੋਰਟ ਦੇ ਆਧਾਰ ’ਤੇ ਕੀਤਾ ਹੈ। ਨਵਰੀਤ ਸਿੰਘ ਦਾ ਪੋਸਟਮਾਰਟਮ ਯੂ. ਪੀ. ਜੇ ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ’ਚ ਕਰਾਇਆ ਗਿਆ ਸੀ। ਦਿੱਲੀ ਪੁਲਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਮੁਤਾਬਕ ਨਵਰੀਤ ਸਿੰਘ ਦੀ ਮੌਤ ਸਿਰ ’ਚ ਸੱਟ ਲੱਗਣ ਨਾਲ ਹੋਈ ਸੀ। ਰਿਪੋਰਟ ਮੁਤਾਬਕ ਅਜਿਹੀ ਸੱਟ ਸੜਕ ਹਾਦਸੇ ਦੌਰਾਨ ਹੀ ਸੰਭਵ ਹੈ।

ਦਿੱਲੀ ਪੁਲਸ ਨੇ ਘਟਨਾ ਦੇ ਦਿਨ ਦੀਨਦਿਆਲ ਉਪਾਧਿਆਏ ਮਾਰਗ ਦੇ ਸੀ. ਸੀ. ਟੀ. ਵੀ. ਫੁਟੇਜ਼ ਨੂੰ ਵੀ ਆਧਾਰ ਬਣਾਇਆ ਹੈ। ਦਿੱਲੀ ਪੁਲਸ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ਼ ਵਿਚ ਪੁਲਸ ਮੁਲਾਜ਼ਮ ਤੇਜ਼ ਟਰੈਕਟਰ ਤੋਂ ਆਪਣੀ ਜਾਨ ਬਚਾਉਣ ਲਈ ਦੌੜਦੇ ਹੋਏ ਦਿੱਸ ਰਹੇ ਹਨ। ਦਿੱਲੀ ਪੁਲਸ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਨਵਰੀਤ ਸਿੰਘ ਦੇ ਜ਼ਖਮੀ ਹੋਣ ’ਤੇ ਕਿਸੇ ਨੇੜੇ ਦੇ ਹਸਪਤਾਲ ਵਿਚ ਲੈ ਕੇ ਜਾਣ ਦੀ ਬਜਾਏ ਮੌਕੇ ’ਤੇ ਪਹੁੰਚੀ ਐਂਬੂਲੈਂਸ ’ਤੇ ਹਮਲਾ ਕਰ ਦਿੱਤਾ। ਦਿੱਲੀ ਪੁਲਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਨਵਰੀਤ ਸਿੰਘ ਦੇ ਸਰੀਰ ਨੂੰ ਸੜਕ ’ਤੇ 4-5 ਘੰਟੇ ਤੱਕ ਰੱਖਿਆ ਅਤੇ ਉਸ ਤੋਂ ਬਾਅਦ ਇਹ ਅਫ਼ਵਾਹ ਫੈਲਾਈ ਗਈ ਕਿ ਪੁਲਸ ਦੀ ਗੋਲੀਬਾਰੀ ਵਿਚ ਮੌਤ ਹੋ ਗਈ।

ਦੱਸਣਯੋਗ ਹੈ ਕਿ ਨਵਰੀਤ ਸਿੰਘ ਦੇ ਦਾਦਾ ਨੇ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਨਵਰੀਤ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਬਾਰੇ ਮੀਡੀਆ ਵਿਚ ਜੋ ਖ਼ਬਰਾਂ ਆਈਆਂ, ਉਸ ਮੁਤਾਬਕ ਨਵਰੀਤ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ। ਪੋਸਟਮਾਰਟਮ ਰਿਪੋਰਟ ਮੁਤਾਬਕ ਨਵਰੀਤ ਸਿੰਘ ਨੂੰ ਜੋ ਜ਼ਖਮ ਸਨ, ਉਹ ਟਰੈਕਟਰ ਦੇ ਪਲਟਣ ਨਾਲ ਨਹੀਂ ਹਨ, ਜਿਵੇਂ ਕਿ ਪੁਲਸ ਅਧਿਕਾਰੀਆਂ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ। ਅਜਿਹੇ ਵਿਚ ਦਿੱਲੀ ਪੁਲਸ ਦੇ ਬਿਆਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। 

ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਆਈ. ਟੀ. ਓ. ਨੇੜੇ ਇਕ ਟਰੈਕਟਰ ਬੈਰੀਕੇਡ ਨੂੰ ਤੋੜਦੇ ਹੋਏ ਅੱਗੇ ਵਧ ਗਿਆ, ਜਿਸ ਤੋਂ ਬਾਅਦ ਟਰੈਕਟਰ ਡਰਾਈਵਰ ਟਰੈਕਟਰ ਸਮੇਤ ਪਲਟ ਗਿਆ। ਇਸ ਮਾਮਲੇ ਵਿਚ ਦਿੱਲੀ ਪੁਲਸ ਨੇ ਇਕ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤੀ ਸੀ। 26 ਜਨਵਰੀ ਨੂੰ ਦਿੱਲੀ ਦੀਆਂ ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਹਿੰਸਕ ਝੜਪਾਂ ਹੋਈਆਂ। ਇਸ ਦੌਰਾਨ ਵੀ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਕੰਪਲੈਕਸ ’ਚ ਦਾਖ਼ਲ ਹੋ ਗਏ ਅਤੇ ਕੇਸਰੀ ਝੰਡਾ ਲਹਿਰਾਇਆ ਗਿਆ। 


 


Tanu

Content Editor

Related News