''ਰੇਲਵੇ ਭੀੜ ਪ੍ਰਬੰਧਨ ਨਾਲ ਜੁੜੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰੇ'', ਦਿੱਲੀ ਹਾਈ ਕੋਰਟ ਦਾ ਹੁਕਮ
Monday, Nov 16, 2026 - 05:50 PM (IST)
ਨਵੀਂ ਦਿੱਲੀ, (ਏਜੰਸੀ)–ਦਿੱਲੀ ਹਾਈ ਕੋਰਟ ਨੇ ਰੇਲਵੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਰੇਲਵੇ ਸਟੇਸ਼ਨਾਂ ’ਤੇ ਭੀੜ ਪ੍ਰਬੰਧਨ ਨਾਲ ਜੁੜੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਕਿਸੇ ਵੀ ਅਜਿਹੇ ਸਮਾਗਮ ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ, ਜਿਸ ਵਿਚ ਯਾਤਰੀਆਂ ਦੀ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੋਵੇ।
ਜਸਟਿਸ ਅਮਿਤ ਮਹਾਜਨ ਨੇ ਕਿਹਾ ਕਿ ਰੇਲਵੇ ਦੇ ਮੌਜੂਦਾ ਪ੍ਰੋਟੋਕਾਲ ਵਿਚ ਤਿਉਹਾਰਾਂ ਤੇ ਮੇਲਿਆਂ ਲਈ ਪਹਿਲਾਂ ਤੋਂ ਤਿਆਰੀਆਂ ਕਰਨ, ਯਾਤਰੀਆਂ ਲਈ ‘ਹੋਲਡਿੰਗ ਏਰੀਆ’ (ਉਡੀਕ ਖੇਤਰ) ਬਣਾਉਣ, ਦਾਖਲੇ ਤੇ ਨਿਕਾਸੀ ਨੂੰ ਕੰਟਰੋਲ ਕਰ ਅਤੇ ਸੀ. ਸੀ. ਟੀ. ਵੀ. ਨਿਗਰਾਨੀ ਤੇ ਵੇਟਿੰਗ ਲਿਸਟ ਦੀ ਹੱਦ ਤੈਅ ਕਰਨ ਵਰਗੇ ਪ੍ਰਬੰਧ ਪਹਿਲਾਂ ਤੋਂ ਮੌਜੂਦ ਹਨ ਪਰ ਫਰਵਰੀ 2025 ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਾਜੜ ਤੋਂ ਪਤਾ ਲੱਗਦਾ ਹੈ ਕਿ ਅਸਲ ਵਿਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਭੀੜ-ਭੜੱਕੇ ਵਾਲੇ ਹਰ ਪ੍ਰੋਗਰਾਮ ਤੋਂ ਪਹਿਲਾਂ ਅਤੇ ਉਸ ਦੌਰਾਨ ਇਨ੍ਹਾਂ ਉਪਾਵਾਂ ਨੂੰ ਜ਼ਮੀਨੀ ਪੱਧਰ ’ਤੇ ਕਿਵੇਂ ਲਾਗੂ ਕੀਤਾ ਜਾਂਦਾ ਹੈ।’’
ਅਦਾਲਤ ਨੇ ਇਹ ਹੁਕਮ 2 ਯਾਤਰੀਆਂ ਦੀ ਪਟੀਸ਼ਨ ’ਤੇ ਦਿੱਤਾ, ਜੋ 15 ਫਰਵਰੀ 2025 ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਮਚਣ ਕਾਰਨ ਰੇਲਗੱਡੀ ਵਿਚ ਸਵਾਰ ਨਹੀਂ ਹੋ ਸਕੇ ਸਨ। ਭਾਜੜ ਦੀ ਇਸ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਸੀ।
