ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਦਿੱਲੀ ਸਰਕਾਰ ਖੋਲ੍ਹੇਗੀ ਕਰੀਅਰ ਸਲਾਹ ਕੇਂਦਰ
Monday, May 23, 2022 - 11:41 AM (IST)
ਨਵੀਂ ਦਿੱਲੀ (ਵਿਸ਼ੇਸ਼)- ਦਿੱਲੀ ਸਰਕਾਰ ਜਲਦੀ ਹੀ ਰਾਜਧਾਨੀ ਦੇ 11 ਜ਼ਿਲ੍ਹਿਆਂ ਵਿਚੋਂ ਹਰੇਕ ਵਿਚ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਕਰੀਅਰ ਸਲਾਹ ਕੇਂਦਰ ਖੋਲ੍ਹੇਗੀ। ਇਨ੍ਹਾਂ ਕੇਂਦਰਾਂ ਨੂੰ ਸੂਬਾ ਸਰਕਾਰ ਵਲੋਂ ਸੰਚਾਲਿਤ ‘ਜਾਬ ਪੋਰਟਲ’ ਦੇ ਉੱਨਤ ਐਡੀਸ਼ਨ ਰੋਜ਼ਗਾਰ ਬਾਜ਼ਾਰ 2.0 ਨਾਲ ਜੋੜਿਆ ਜਾਏਗਾ। ਸਰਕਾਰੀ ਅਧਿਕਾਰੀਆਂ ਮੁਤਾਬਕ ਜੋ ਕੋਈ ਵੀ ਜਾਬ ਪੋਰਟਲ ’ਤੇ ਰਜਿਸਟ੍ਰੇਸ਼ਨ ਕਰੇਗਾ, ਉਹ ਸਰਕਾਰ ਤੋਂ ਮੁ਼ਫ਼ਤ ਵਿਚ ਕਰੀਅਰ ਕੌਂਸਲਿੰਗ ਲੈਣ ਦਾ ਪਾਤਰ ਹੋਵੇਗਾ। ਸਰਕਾਰ ਨੌਕਰੀ ਚਾਹੁਣ ਵਾਲਿਆਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਮਾਰਗਦਰਸ਼ਨ ਪ੍ਰਦਾਨ ਕਰਨ ਵਾਲੀਆਂ ਏਜੰਸੀਆਂ ਨਾਲ ਗਠਜੋੜ ਕਰੇਗੀ।
10 ਦੇ ਪੈਮਾਨੇ ’ਤੇ ਰੇਟਿੰਗ 8.25
ਕਰੀਅਰ ਸਲਾਹ ਵਿਚ ਖਾਸੀਅਤ ਵਾਲੀਆਂ ਦੋ ਏਜੰਸੀਆਂ- ਮੇਰੀਟੋਰੀਆ ਅਤੇ ਮੈਜਿਕਬਸ ਨੇ ਸੈਸ਼ਨਾਂ ਦਾ ਸੰਚਾਲਨ ਕੀਤਾ। ਸੈਸ਼ਨ ਵਿਚ ਭਾਗ ਲੈਣ ਵਾਲਿਆਂ ਵਿਚੋਂ ਕਈ ਲੋਕਾਂ ਨੂੰ ਕੰਪਨੀਆਂ ਵਲੋਂ ਇੰਟਰਵਿਊ ਲਈ ਬੁਲਾਇਆ ਗਿਆ ਸੀ। ਇਨ੍ਹਾਂ ਵਿਚੋਂ ਲਗਭਗ ਅੱਧੇ ਨੌਕਰੀ ਕਰ ਰਹੇ ਸਨ। ਇਕ ਅਧਿਕਾਰੀ ਨੇ ਕਿਹਾ ਕਿ ਹਾਜ਼ਰ ਲੋਕਾਂ ਵਲੋਂ ਸੈਸ਼ਨ ਨੂੰ ਦਿੱਤੀ ਗਈ ਔਸਤ ਰੇਟਿੰਗ 10 ਦੇ ਪੈਮਾਨੇ ’ਤੇ 8.25 ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹੁਣ ਸਭ ਕੁਝ ਰਸਮੀ ਰੂਪ ਦੇਣ ਦੀ ਯੋਜਨਾ ਬਣਾਈ ਹੈ ਅਤੇ ਸਲਾਹ ਕੇਂਦਰ ਜਾਬ ਪੋਰਟਲ ਦੇ ਨਵੇਂ ਐਡੀਸ਼ਨ ਦੇ ਲਾਂਚ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਯੋਗਤਾ ਅਤੇ ਹੁਨਰ ਵਿਚਾਲੇ ਫਰਕ
ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਅਸੀਂ ਵੇਖਦੇ ਹਾਂ ਕਿ ਨੌਕਰੀ ਚਾਹੁਣ ਵਾਲੇ ਦੀਆਂ ਇੱਛਾਵਾਂ ਅਤੇ ਉਨ੍ਹਾਂ ਦੀ ਯੋਗਤਾ ਅਤੇ ਹੁਨਰ ਦਰਮਿਆਨ ਇਕ ਫਰਕ ਹੈ। ਸਲਾਹ ਕੇਂਦਰ ਪੋਰਟਲ ’ਤੇ ਉਨ੍ਹਾਂ ਲਈ ਮੁਹੱਈਆ ਆਸਾਮੀਆਂ ਦੀ ਸਹੀ ਚੋਣ ਕਰਨ ਵਿਚ ਉਨ੍ਹਾਂ ਦੀ ਮਦਦ ਕਰਨਗੇ। ਕੌਂਸਲਰ ਇਹ ਵੀ ਸੁਝਾਅ ਦੇਣਗੇ ਕਿ ਬਿਹਤਰ ਮੌਕਿਆਂ ਲਈ ਉਮੀਦਵਾਰ ਖੁਦ ਨੂੰ ਕਿਵੇਂ ਅੱਗੇ ਵਧਾ ਸਕਦੇ ਹਨ। ਸਰਕਾਰ ਨੇ ਹਾਲ ਹੀ ਵਿਚ ਇਕ ਪਾਇਲਟ ਅਧਿਐਨ ਕੀਤਾ ਅਤੇ ਤੁਗਲਕਾਬਾਦ ਅਤੇ ਪੂਸਾ ਵਿਚ ਦੋ ਕੇਂਦਰਾਂ ’ਤੇ ਸਲਾਹ ਸੈਸ਼ਨ ਆਯੋਜਿਤ ਕੀਤੇ ਸਨ।