ਦਿੱਲੀ ਸਰਕਾਰ ਇਸ ਸਾਲ ਕਰੇਗੀ 600 ਕਿਲੋਮੀਟਰ ਸੜਕਾਂ ਦੀ ਮੁਰੰਮਤ

Wednesday, Apr 09, 2025 - 06:34 PM (IST)

ਦਿੱਲੀ ਸਰਕਾਰ ਇਸ ਸਾਲ ਕਰੇਗੀ 600 ਕਿਲੋਮੀਟਰ ਸੜਕਾਂ ਦੀ ਮੁਰੰਮਤ

ਨਵੀਂ ਦਿੱਲੀ- ਦਿੱਲੀ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਮੰਤਰੀ ਪਰਵੇਸ਼ ਵਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੇ ਇਸ ਸਾਲ ਸ਼ਹਿਰ 'ਚ 600 ਕਿਲੋਮੀਟਰ ਸੜਕਾਂ ਦੀ ਮੁਰੰਮਤ ਕਰਨ ਦੀ ਯੋਜਨਾ ਬਣਾਈ ਹੈ, ਜਿਸ 'ਚੋਂ 250 ਕਿਲੋਮੀਟਰ ਦੀ ਮੁਰੰਮਤ ਮਾਨਸੂਨ ਤੋਂ ਪਹਿਲਾਂ ਕਰ ਦਿੱਤੀ ਜਾਵੇਗੀ। ਵਰਮਾ ਨੇ ਇਹ ਵੀ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੁਆਰਾ ਰੱਖ-ਰਖਾਅ ਕੀਤੀਆਂ ਜਾਂਦੀਆਂ ਸੜਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪਹਿਲੇ ਪੜਾਅ 'ਚ, ਰਾਸ਼ਟਰੀ ਰਾਜਧਾਨੀ 'ਚ 250 ਕਿਲੋਮੀਟਰ ਅਜਿਹੀਆਂ ਸੜਕਾਂ 'ਤੇ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ, “ਅਸੀਂ ਮਾਨਸੂਨ ਤੋਂ ਬਾਅਦ ਸੜਕਾਂ ਦੀ ਮੁਰੰਮਤ ਦਾ ਦੂਜਾ ਪੜਾਅ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਾਂ। ਇਸ ਤਹਿਤ, 250-300 ਕਿਲੋਮੀਟਰ ਹੋਰ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ ਲਈ ਅਸੀਂ ਪਛਾਣ ਅਤੇ ਬਜਟ ਵੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਰੰਮਤ ਕਾਰਜਾਂ ਲਈ ਸੰਚਾਲਨ ਅਤੇ ਰੱਖ-ਰਖਾਅ ਦੇ ਠੇਕੇ ਘੱਟੋ-ਘੱਟ ਦੋ ਸਾਲਾਂ ਲਈ ਹੋਣਗੇ।  ਉਨ੍ਹਾਂ ਕਿਹਾ, "ਜੇਕਰ ਇਸ ਸਮੇਂ ਦੌਰਾਨ ਕੋਈ ਸੜਕ ਖਰਾਬ ਹੋ ਜਾਂਦੀ ਹੈ, ਤਾਂ ਇਸਦੀ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ ਅਤੇ ਪੀਡਬਲਯੂਡੀ ਨੂੰ ਕੋਈ ਵਾਧੂ ਲਾਗਤ ਨਹੀਂ ਪਵੇਗੀ"। ਵਰਮਾ ਨੇ ਕਿਹਾ, "ਔਸਤਨ, ਹਰ ਸਾਲ 200-240 ਕਿਲੋਮੀਟਰ ਸੜਕ ਦੀ ਮੁਰੰਮਤ ਕੀਤੀ ਜਾਂਦੀ ਹੈ" । ਅਸੀਂ ਇਸ ਨੂੰ ਵਧਾਉਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਪੀਡਬਲਯੂਡੀ ਨੇ ਸੜਕਾਂ ਲਈ 600 ਕਿਲੋਮੀਟਰ ਦਾ ਟੀਚਾ ਰੱਖਿਆ ਹੈ"। ਮੁਰੰਮਤ ਦੇ ਕੰਮ 'ਚ ਸੜਕਾਂ ਦੀ ਮੁਰੰਮਤ, ਟੋਇਆਂ ਦੀ ਮੁਰੰਮਤ ਅਤੇ ਹੋਰ ਏਜੰਸੀਆਂ ਦੁਆਰਾ ਪੁੱਟੀ ਗਈ ਸੜਕਾਂ ਦੀ ਮੁਰੰਮਤ ਸ਼ਾਮਲ ਹੋਵੇਗੀ। ਲੋਕ ਨਿਰਮਾਣ ਵਿਭਾਗ (PWD) ਵੱਲੋਂ ਸੜਕਾਂ ਦੀ ਮੁਰੰਮਤ ਦਾ ਕੰਮ ਮਾਰਚ ਦੇ ਅੱਧ ਤੋਂ ਜੂਨ ਦੇ ਅੱਧ ਤੱਕ ਕੀਤਾ ਜਾਂਦਾ ਹੈ ਅਤੇ ਫਿਰ ਮਾਨਸੂਨ ਕਾਰਨ ਇਹ ਰੁਕ ਜਾਂਦਾ ਹੈ।
ਪੀਡਬਲਯੂਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਪਹਿਲਾਂ ਤੋਂ ਹੀ ਪਛਾਣੀਆਂ ਗਈਆਂ ਸੜਕਾਂ ਲਈ ਟੈਂਡਰ ਮੰਗੇ ਜਾ ਰਹੇ ਹਨ। ਨੋਇਡਾ ਲਿੰਕ ਰੋਡ, ਭੈਰੋਂ ਮਾਰਗ ਦੇ ਨੇੜੇ ਰਿੰਗ ਰੋਡ ਸੈਕਸ਼ਨ ਅਤੇ ਆਊਟਰ ਰਿੰਗ ਰੋਡ ਵਰਗੇ ਕੁਝ ਖੇਤਰਾਂ ਵਿੱਚ ਜ਼ਮੀਨੀ ਪੱਧਰ ਦਾ ਕੰਮ ਸ਼ੁਰੂ ਹੋ ਗਿਆ ਹੈ। ਅਸੀਂ ਟੋਇਆਂ ਨੂੰ ਵੀ ਭਰ ਰਹੇ ਹਾਂ।" ਦਿੱਲੀ 'ਚ, ਲੋਕ ਨਿਰਮਾਣ ਵਿਭਾਗ 1,400 ਕਿਲੋਮੀਟਰ ਸੜਕਾਂ ਦੀ ਦੇਖਭਾਲ ਕਰਦਾ ਹੈ ਜੋ 60 ਫੁੱਟ ਚੌੜੀਆਂ ਹਨ।


author

DILSHER

Content Editor

Related News