ਦਿੱਲੀ ਭਾਜਪਾ ਨੇ DJB ਫੰਡ ਘਪਲੇ ਨੂੰ ਲੈ ਕੇ ਕੇਜਰੀਵਾਲ ਖ਼ਿਲਾਫ FIR ਦੀ ਕੀਤੀ ਮੰਗ
Monday, Nov 14, 2022 - 12:01 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਭਾਜਪਾ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਜਲ ਬੋਰਡ 'ਚ 20 ਕਰੋੜ ਰੁਪਏ ਦੇ ਘਪਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਥੂੜੀ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਘਪਲੇ ਦਾ ਖ਼ੁਲਾਸਾ 2018 'ਚ ਹੋਇਆ ਸੀ, ਜਦੋਂ ਕੇਜਰੀਵਾਲ ਡੀ.ਜੇ.ਬੀ. ਦੇ ਪ੍ਰਧਾਨ ਸਨ। ਭਾਜਪਾ ਨੇਤਾ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਇਹ 200 ਕਰੋੜ ਰੁਪਏ ਦਾ ਇਕ ਬਹੁਤ ਵੱਡਾ ਘਪਲਾ ਹੈ। 2018 'ਚ ਇਸ ਦੇ ਉਜਾਗਰ ਹੋਣ ਤੋਂ ਬਾਅਦ ਵੀ ਜਦੋਂ ਕੇਜਰੀਵਾਲ ਡੀ.ਜੇ.ਬੀ. ਦੇ ਪ੍ਰਧਾਨ ਸਨ ਤਾਂ ਕੋਈ ਕਾਰਵਾਈ ਕਰਨ ਦੀ ਬਜਾਏ, ਦੋਸ਼ੀਆਂ ਦਾ ਕਮਿਸ਼ਨ ਵਧਾ ਦਿੱਤਾ ਗਿਆ।''
ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਸ਼ਨੀਵਾਰ ਨੂੰ ਦਿੱਲੀ ਜਲ ਬੋਰਡ ਦੇ 20 ਕਰੋੜ ਰੁਪਏ ਦੇ ਗਬਨ ਮਾਮਲੇ 'ਚ ਮਾਮਲਾ ਦਰਜ ਕੀਤਾ। ਬਿਥੂੜੀ ਨੇ ਸਵਾਲ ਕੀਤਾ ਕਿ ਜਦੋਂ ਘਪਲੇ ਦਾ ਖ਼ੁਲਾਸਾ ਹੋਇਆ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਦੋਸ਼ ਹੈ ਕਿ ਉਪਭੋਗਤਾਵਾਂ ਤੋਂ ਪਾਣੀ ਦੇ ਬਿੱਲਾਂ 'ਚ ਇਕੱਠੇ ਕੀਤੇ ਗਏ 20 ਕਰੋੜ ਰੁਪਏ ਦੋਸ਼ੀਆਂ ਵਲੋਂ ਡੀ.ਜੇ.ਬੀ. ਦੇ ਬੈਂਕ ਖਾਤਿਆਂ 'ਚ ਜਮ੍ਹਾ ਨਹੀਂ ਕੀਤੇ ਗਏ। ਦਿੱਲੀ ਦੇ ਐੱਲ.ਜੀ. ਵੀ.ਕੇ. ਸਕਸੈਨਾ ਨੇ ਸਤੰਬਰ 'ਚ ਮੁੱਖ ਸਕੱਤਰ ਨੂੰ ਡੀ.ਜੇ.ਬੀ. ਅਤੇ ਬੈਂਕ ਅਧਿਕਾਰੀਆਂ ਦੀ ਪਛਾਣ ਕਰਨ ਦੇ ਨਾਲ-ਨਾਲ ਕਿਸੇ ਵੀ ਨਿੱਜੀ ਸੰਸਥਾ ਖ਼ਿਲਾਫ਼ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। 'ਆਪ' ਨੇ ਜਾਂਚ ਦਾ ਸੁਆਗਤ ਕਰਦੇ ਹੋਏ ਬੇਨਿਯਮੀਆਂ ਸਾਹਮਣੇ ਆਉਣ 'ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਨੇ ਪਹਿਲਾਂ ਹੀ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ