ਦਿੱਲੀ : GB ਰੋਡ ਤੋਂ ਬਚਾਈਆਂ ਗਈਆਂ 2 ਨਾਬਾਲਗ, ਆਧਾਰ ਕਾਰਡ ਬਦਲ ਕੇ ਕਰਵਾਇਆ ਜਾ ਰਿਹਾ ਸੀ ਗੰਦਾ ਕੰਮ
Sunday, Aug 04, 2024 - 08:00 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਜੀ.ਬੀ. ਰੋਡ ਇਲਾਕੇ ਦੇ ਇੱਕ ਵੇਸ਼ਵਾਘਰ ਤੋਂ ਦੋ ਲੜਕੀਆਂ ਨੂੰ ਛੁਡਵਾਇਆ ਹੈ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਬਾਲਗ ਬਣਾ ਕੇ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਬੰਧ 'ਚ ਇਕ ਔਰਤ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਸੈਂਟਰਲ) ਐੱਮ ਹਰਸ਼ਵਰਧਨ ਨੇ ਦੱਸਿਆ ਕਿ 16 ਅਤੇ 17 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਮਲਾ ਮਾਰਕੀਟ ਥਾਣਾ ਇੰਚਾਰਜ ਅਤੇ ਉਨ੍ਹਾਂ ਦੀ ਟੀਮ ਨੇ ਨਿਯਮਤ ਤੌਰ 'ਤੇ ਜਾਂਚ ਕੀਤੀ ਸੀ ਅਤੇ ਇਸ ਦੌਰਾਨ ਲੜਕੀਆਂ ਨੂੰ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਜਾਂਚ ਲਈ ਵੇਸ਼ਵਾਘੜ ਦੀ ਉਪਰਲੀ ਮੰਜ਼ਿਲ 'ਤੇ ਗਈ ਤਾਂ ਉਥੇ ਦੋ ਲੜਕੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਉਹ ਨਾਬਾਲਗ ਲੱਗ ਰਹੀਆਂ ਸਨ ਅਤੇ ਪੁਲਸ ਮੁਲਾਜ਼ਮਾਂ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਪਾ ਰਹੀਆਂ ਸਨ।
ਡੀਸੀਪੀ ਨੇ ਕਿਹਾ, "ਸ਼ੱਕ ਦੇ ਆਧਾਰ 'ਤੇ, ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਦੋਵੇਂ ਲੜਕੀਆਂ ਨਾਬਾਲਗ ਸਨ, ਜਿਨ੍ਹਾਂ ਦੀ ਉਮਰ 17 ਸਾਲ ਦੇ ਕਰੀਬ ਸੀ। ਦੋਵੇਂ ਲੜਕੀਆਂ ਨੂੰ ਵੇਸ਼ਵਾਘਰ ਤੋਂ ਬਚਾਇਆ ਗਿਆ ਸੀ ਅਤੇ ਇੱਕ ਐੱਨ.ਜੀ.ਓ. ਦੇ ਇੱਕ ਸਲਾਹਕਾਰ ਨੂੰ ਬੁਲਾਇਆ ਗਿਆ ਸੀ ਅਤੇ ਇੱਕ ਸ਼ੈਲਟਰ ਹੋਮ ਵਿੱਚ ਲਿਜਾਇਆ ਗਿਆ।" ਅਧਿਕਾਰੀ ਨੇ ਦੱਸਿਆ ਕਿ ਕਾਊਂਸਲਿੰਗ ਤੋਂ ਬਾਅਦ ਪਤਾ ਲੱਗਾ ਕਿ ਲੜਕੀਆਂ ਇਕ ਸਾਲ ਪਹਿਲਾਂ ਕਿਰਨ ਦੇਵੀ ਨਾਂ ਦੀ ਔਰਤ ਨਾਲ ਵੇਸ਼ਵਾਘਰ ਆਈਆਂ ਸਨ ਅਤੇ ਰਿਸ਼ੀ ਅਤੇ ਸੰਜੇ ਨਾਂ ਦੇ ਦੋ ਵਿਅਕਤੀ ਉਨ੍ਹਾਂ ਨੂੰ ਆਪਣੇ ਕੋਲ ਲੈ ਕੇ ਆਏ ਸਨ।
ਡੀਸੀਪੀ ਨੇ ਕਿਹਾ, "ਜਾਂਚ ਦੌਰਾਨ, ਇਹ ਸਾਹਮਣੇ ਆਇਆ ਕਿ ਦੋਸ਼ੀ ਲਾਲਾ ਰਾਮ (48) ਨੇ ਲੜਕੀਆਂ ਦੇ ਆਧਾਰ ਕਾਰਡਾਂ ਨਾਲ ਛੇੜਛਾੜ ਕਰਕੇ ਬਾਲਗ ਹੋਣ ਵਿੱਚ ਮਦਦ ਕੀਤੀ ਸੀ।" ਪੁਲਸ ਨੇ ਦੱਸਿਆ ਕਿ ਦੋਸ਼ੀ ਦੇਵੀ ਦੇ ਇਸ਼ਾਰੇ 'ਤੇ ਲਾਲਾ ਰਾਮ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਦੇ ਖਿਲਾਫ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਸਮੇਤ ਸੰਬੰਧਿਤ ਧਾਰਾਵਾਂ ਦੇ ਤਹਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।