ਚੰਬਾ ''ਚ ਵਾਪਰਿਆ ਦਰਦਨਾਕ ਹਾਦਸਾ, ਵਾਹਨ ਦੁਰਘਟਨਾ ''ਚ 2 ਸਾਲਾ ਬੱਚੀ ਸਣੇ 3 ਦੀ ਮੌਤ, 8 ਜ਼ਖ਼ਮੀ
Friday, Sep 08, 2023 - 05:16 PM (IST)
ਚੰਬਾ- ਚੰਬਾ ਜ਼ਿਲ੍ਹੇ ਦੇ ਮਾਣੀ-ਸਿਢਕੁੰਡ ਮਾਰਗ 'ਤੇ ਟਰੀਰੂ ਨੇੜੇ ਇਕ ਬਲੈਰੋ ਗੱਡੀ ਦੁਰਘਟਨਾਗ੍ਰਸਤ ਹੋ ਗਈ। ਹਾਦਸੇ 'ਚ ਦੋ ਔਰਤਾਂ ਸਣੇ ਇਕ ਬੱਚੀ ਦੀ ਮੌਤ ਹੋ ਗਈ। ਇਸਤੋਂ ਇਲਾਵਾ ਚਾਲਕ ਸਣੇ 8 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਅਤੇ ਹਸਪਤਾਲ ਚੰਬਾ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮੁਕਦਮਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਨਮ ਅਸ਼ਟਮੀ ਮੌਕੇ ਵੀਰਵਾਰ ਨੂੰ ਰਾਜਪੁਰਾ ਤੋਂ ਇਕ ਬਲੈਰੋ ਮਾਣੀ ਪੰਚਾਇਤ ਸਥਿਤ ਦਵਾਤ ਮਹਾਦੇਵ ਮੰਦਿਰ ਗਈ ਸੀ। ਬਲੈਰੋ 'ਚ ਚਾਲਕ ਸਣੇ 11 ਲੋਕ ਸਵਾਰ ਸਨ। ਇਨ੍ਹਾਂ 'ਚ 5 ਔਰਤਾਂ ਅਤੇ 5 ਉਨ੍ਹਾਂ ਦੇ ਬੱਚੇ ਸ਼ਾਮਲ ਸਨ। ਇਹ ਮੁੰਡਨ ਸੰਸਕਾਰ ਲਈ ਮੰਦਿਰ ਗਏ ਸਨ। ਉਥੇ ਮੁੰਡਨ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ।
ਜਦੋਂ ਬਲੈਰੋ ਟਰੀਰੂ ਮੋੜ ਨੇੜੇ ਪਹੁੰਚੀ ਤਾਂ ਅਚਾਨਕ ਡਰਾਈਵ ਉਸ ਤੋਂ ਕੰਟਰੋਲ ਗੁਆ ਬੈਠਾ ਜਿਸਦੇ ਚਲਦੇ ਬਲੈਰੋ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋ ਗਈ। ਇਸ ਘਟਨਾ 'ਚ 2 ਸਾਲਾ ਬੱਚੀ ਸਣੇ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦਾ ਪਤਾ ਚਲਦੇ ਹੀ ਸਥਾਨਕ ਲੋਕ ਘਟਨਾ ਵਾਲੀ ਥਾਂ ਪਹੁੰਚੇ। ਇਸਦੇ ਨਾਲ ਹੀ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ ਅਤੇ ਜ਼ਖ਼ਮੀਆਂ ਨੂੰ 108 ਐਂਬੂਲੈਂਸ ਰਾਹੀਂ ਮੈਡੀਕਲ ਕਾਲਜ ਅਤੇ ਹਸਪਤਾਲ ਚੰਬਾ ਭਿਜਵਾਇਆ। ਡੀ.ਐੱਸ.ਪੀ. ਚੰਬਾ ਨੇ ਦੱਸਿਆ ਕਿ ਪੁਲਸ ਨੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ।
ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਮਿਮੀ ਦੇਵੀ (48) ਪਤਨੀ ਰਮੇਸ਼ ਨਿਵਾਸੀ ਰਾਜਪੁਰਾ, ਬੀਨਾ (45) ਪਤਨੀ ਰੋਸ਼ਨ ਨਿਵਾਸੀ ਰਾਜਪੁਰਾ ਅਤੇ ਸ਼ਾਨਵੀ (2) ਪੁੱਤਰੀ ਯਸ਼ਪਾਲ ਨਿਵਾਸੀ ਰਾਜਪੁਰਾ ਵਜੋ ਹੋਈ ਹੈ। ਉਥੇ ਹੀ ਮਮਤਾ (24) ਪਤਨੀ ਯਸ਼ਪਾਲ, ਪੂਜਾ (25) ਪਤਨੀ ਸਤਿਆਨੰਦ, ਮਿਨਾਕਸ਼ੀ (25) ਪਤਨੀ ਜੀਵਨ, ਅਰਸ਼ (5) ਪੁੱਤਰ ਸਤਿਆਨੰਦ, ਰੂਹੀ (2) ਪੁੱਤਰੀ ਜੀਵਨ, ਦਿਵਿਆਂਸ਼ (5) ਪੁੱਤਰ ਜੀਵਨ, ਯਸ਼ੀ (8) ਪੁੱਤਰੀ ਸਤਿਆਨੰਦ, ਸਾਰੇ ਰਾਜਪੁਰਾ ਦੇ ਨਿਵਾਸੀ ਹਨ ਅਤੇ ਚਾਲਕ ਜੀਵਨ ਪੁੱਤਰ ਰਮੇਸ਼ਕੁਮਾਰ ਨਿਵਾਸੀ ਜ਼ਿਲ੍ਹਾ ਚੰਬਾ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ ਮਮਤਾ ਅਤੇ ਅਸੜ ਨੂੰ ਡਾ. ਰਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਰੈਫਰ ਕੀਤਾ ਗਿਆ ਹੈ।