'ਕੋਰੋਨਾ ਪੀੜਤ ਸਿੱਖ ਸ਼ਰਧਾਲੂਆਂ ਤੋਂ ਪੰਜਾਬ 'ਚ ਵਧਿਆ ਖਤਰਾ, ਤਬਲੀਗੀ ਮਰਕਜ਼ ਨਾਲ ਕੋਈ ਤੁਲਨਾ?'
Sunday, May 03, 2020 - 06:14 PM (IST)

ਨਵੀਂ ਦਿੱਲੀ— ਪੰਜਾਬ 'ਚ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਕੋਰੋਨਾ ਪੀੜਤ ਹੋਣ ਨਾਲ ਪੰਜਾਬ 'ਚ ਨਵਾਂ ਖਤਰਾ ਪੈਦਾ ਹੋ ਗਿਆ ਹੈ। ਕੀ ਇਸ ਦੀ ਤਬਲੀਗੀ ਮਰਕਜ਼ ਨਾਲ ਕੋਈ ਤੁਲਨਾ ਕੀਤੀ ਜਾ ਸਕਦੀ ਹੈ? ਦਿਗਵਿਜੇ ਨੇ ਇਕ ਅੰਗਰੇਜ਼ੀ ਅਖਬਾਰ ਦੀ ਖ਼ਬਰ ਨੂੰ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਅਤੇ ਸਵਾਲ ਕੀਤਾ। ਉਨ੍ਹਾਂ ਨੇ ਇਸ ਦੇ ਨਾਲ ਹੀ ਲਿਖਿਆ ਕਿ ਸਿੱਖ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਪੰਜਾਬ ਵਿਚ ਨਵਾਂ ਖਤਰਾ ਖੜ੍ਹਾ ਹੋ ਗਿਆ ਹੈ। ਕੀ ਇਸ ਦੀ ਤਬਲੀਗੀ ਮਰਕਜ਼ ਨਾਲ ਕੋਈ ਤੁਲਨਾ ਕੀਤੀ ਜਾ ਸਕਦੀ ਹੈ?
ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਨਾਂਦੇੜ ਤੋਂ ਪਰਤੇ ਸਿੱਖ ਸ਼ਰਧਾਲੂਆਂ ਦੀ ਵਜ੍ਹਾ ਕਰ ਕੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਅੰਕੜਿਆਂ ਵਿਚ ਤੇਜ਼ੀ ਨਾਲ ਇਜਾਫਾ ਹੋਇਆ ਹੈ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਲੱਗਭਗ 1,000 ਹੋ ਗਈ ਹੈ। ਇਨ੍ਹਾਂ ਵਿਚੋਂ ਕੋਰੋਨਾ ਦੇ ਕਰੀਬ 400 ਮਾਮਲੇ ਪਿਛਲੇ 72 ਘੰਟਿਆਂ 'ਚ ਵਧੇ ਹਨ, ਜਿਸ 'ਚੋਂ ਨਾਂਦੇੜ ਤੋਂ ਆਏ 391 ਸਿੱਖ ਸ਼ਰਧਾਲੂ ਸ਼ਾਮਲ ਹਨ।
ਕੀ ਹੈ ਤਬਲੀਗੀ ਮਰਕਜ਼—
ਦਰਅਸ ਮਾਰਚ ਮਹੀਨੇ ਵਿਚ ਦਿੱਲੀ ਸਥਿਤ ਮਰਕਜ਼ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਦੇਸ਼ ਭਰ ਤੋਂ ਲੋਕ ਇਕੱਠੇ ਹੋਏ ਸਨ। ਉਨ੍ਹਾਂ 'ਚ ਕੁਝ ਵਿਦੇਸ਼ੀ ਵੀ ਸਨ। ਉਸ ਦੌਰਾਨ ਲਾਕਡਾਊਨ ਦਾ ਐਲਾਨ ਹੋ ਗਿਆ ਅਤੇ ਕਾਫੀ ਲੋਕ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਦੀ ਮਰਕਜ਼ ਵਿਚ ਪ੍ਰੋਗਰਾਮ 'ਚ ਹੀ ਫਸੇ ਰਹਿ ਗਏ। ਇਨ੍ਹਾਂ ਵਿਚ ਕਈ ਲੋਕ ਕੋਰੋਨਾ ਤੋਂ ਪੀੜਤ ਹੋ ਗਏ। ਦੇਸ਼ ਦੇ ਦੂਜੇ ਹਿੱਸਿਆਂ ਤੋਂ ਆਏ ਤਬਲੀਗੀ ਜਮਾਤ ਦੇ ਲੋਕ ਵੀ ਪੀੜਤ ਪਾਏ ਗਏ। ਕੁਝ ਦੀ ਮੌਤ ਵੀ ਹੋਈ। ਇਹ ਮਾਮਲਾ ਕਾਫੀ ਲੰਬੇ ਸਮੇਂ ਤੱਕ ਸੁਰਖੀਆਂ 'ਚ ਬਣਿਆ ਰਿਹਾ।