ਕੋਰੋਨਾ ਨਾਲ ਸੰਕਟ ''ਚ ਲੋਕ : ਮਹਾਮਾਰੀ ਨਾਲ ਦੁਨੀਆ ਭਰ ''ਚ 26 ਹਜ਼ਾਰ ਤੋਂ ਵਧੇਰੇ ਮੌਤਾਂ

Saturday, Mar 28, 2020 - 10:59 AM (IST)

ਕੋਰੋਨਾ ਨਾਲ ਸੰਕਟ ''ਚ ਲੋਕ : ਮਹਾਮਾਰੀ ਨਾਲ ਦੁਨੀਆ ਭਰ ''ਚ 26 ਹਜ਼ਾਰ ਤੋਂ ਵਧੇਰੇ ਮੌਤਾਂ

ਨਵੀਂ ਦਿੱਲੀ/ਬੀਜਿੰਗ— ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ 'ਕੋਵਿਡ-19' ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੁਨੀਆ ਭਰ 'ਚ ਹੁਣ ਤਕ ਇਸ ਖਤਰਨਾਕ ਵਾਇਰਸ ਨਾਲ 26,934 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 5,90,899 ਲੋਕ ਇਸ ਵਾਇਰਸ ਦੀ ਲਪੇਟ 'ਚ ਹਨ। ਭਾਰਤ 'ਚ ਵੀ ਕੋਰੋਨਾ ਵਾਇਰਸ ਫੈਲਦਾ ਜਾ ਰਿਹਾ ਹੈ ਅਤੇ ਦੇਸ਼ 'ਚ ਹੁਣ ਤਕ ਮਰੀਜ਼ਾਂ ਦੀ ਗਿਣਤੀ 873 ਹੋ ਗਈ ਹੈ। ਭਾਰਤ 'ਚ ਇਸ ਵਾਇਰਸ ਨਾਲ 21 ਲੋਕਾਂ ਦੀ ਮੌਤ ਹੋ ਚੁੱਕੀਆਂ ਹਨ। ਦਸੰਬਰ 2019 'ਚ ਫੈਲੇ ਇਸ ਮਹਾਮਾਰੀ ਦਾ ਕੇਂਦਰ ਰਹੇ ਚੀਨ 'ਚ 81,934 ਲੋਕਾਂ ਦੀ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਰੀਬ 3,295 ਲੋਕਾਂ ਦੀ ਇਸ ਵਾਇਰਸ ਦੀ ਲਪੇਟ 'ਚ ਆਉਣ ਤੋਂ ਬਾਅਦ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਕਹਿਰ ਇਟਲੀ ਝੱਲ ਰਿਹਾ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9,134 ਹੋ ਗਈ ਹੈ, ਜਦਕਿ ਹੁਣ ਤਕ 86,498 ਮਰੀਜ਼ ਵਾਇਰਸ ਦੀ ਲਪੇਟ 'ਚ ਹਨ। 

ਜੇਕਰ ਗੱਲ ਅਮਰੀਕੀ ਵਰਗੇ ਸ਼ਕਤੀਸ਼ਾਲੀ ਦੇਸ਼ ਦੀ ਕੀਤੀ ਜਾਵੇ ਤਾਂ ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 104,205 ਹੋ ਗਈ ਹੈ। ਅਮਰੀਕਾ ਪੀੜਤ ਮਰੀਜ਼ਾਂ ਦੇ ਇਕ ਲੱਖ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਪਹਿਲਾ ਦੇਸ਼ ਹੈ। ਇੱਥੇ ਕੋਰੋਨਾ ਵਾਇਰਸ ਨਾਲ ਹੁਣ ਤਕ 1689 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ 'ਚ ਵੀ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 4,858 ਹੋ ਗਈ ਹੈ, ਜੋ ਚੀਨ ਤੋਂ ਵੀ ਵਧ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸਪੇਨ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਕੇ 64,059 ਹੋ ਗਈ ਹੈ।

ਖਾੜੀ ਦੇਸ਼ ਈਰਾਨ 'ਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਈਰਾਨ 'ਚ ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,378 ਹੋ ਚੁੱਕੀ ਹੈ, ਜਦਕਿ 32,332 ਲੋਕ ਇਸ ਵਾਇਰਸ ਤੋਂ ਪੀੜਤ ਹਨ। ਦੱਖਣੀ ਕੋਰੀਆ ਵਿਚ ਮ੍ਰਿਤਕਾਂ ਦੀ ਗਿਣਤੀ 139 ਪਹੁੰਚ ਚੁੱਕੀ ਹੈ, ਜਦਕਿ 9,478 ਲੋਕ ਇਸ ਵਾਇਰਸ ਤੋਂ ਪੀੜਤ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਰਿਪੋਰਟ ਮੁਤਾਬਕ ਚੀਨ ਤੋਂ ਬਾਅਦ ਇਟਲੀ 'ਚ ਇਸ ਜਾਨਲੇਵਾ ਵਾਇਰਸ ਨੇ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਲਏ ਹਨ ਅਤੇ ਇੱਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਚੀਨ ਤੋਂ ਕਰੀਬ ਦੋਗੁਣਾ ਹੋ ਚੁੱਕੀ ਹੈ। ਦੁਨੀਆ ਦੇ ਕੁਝ ਹੋਰ ਦੇਸ਼ਾਂ ਵਿਚ ਵੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਇਟਲੀ ਰਹਿ ਰਹੇ ਭਾਰਤੀਆਂ ਲਈ ਅੰਬੈਸੀ ਦਾ ਖਾਸ ਸੁਨੇਹਾ, ਹੈਲਪ ਲਾਈਨ ਨੰਬਰ ਜਾਰੀ


author

Tanu

Content Editor

Related News